ਹੈੱਡ ਮਾਸਟਰ ਤੋਂ ਪ੍ਰਿੰਸੀਪਲ ਪ੍ਰੋਮੋਸ਼ਨ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਮੰਗ: ਡੀ.ਟੀ.ਐੱਫ.
19 ਨਵੰਬਰ, ਚੰਡੀਗੜ੍ਹ,ਬੋਲੇ ਪੰਜਾਬ ਬਿਊਰੋ;
ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਦੁਆਰਾ 14 ਨਵੰਬਰ 2025 ਨੂੰ ਇੱਕ ਪੱਤਰ ਜਾਰੀ ਕਰਕੇ ਲੈਕਚਰਾਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਪਾਸੋਂ ਪ੍ਰਿੰਸੀਪਲ ਦੀ ਤਰੱਕੀ ਲਈ ਕੇਸ ਮੰਗੇ ਗਏ ਹਨ, ਪਰ ਇਸ ਪੱਤਰ ਰਾਹੀਂ ਸਿੱਖਿਆ ਵਿਭਾਗ ਨੇ ਹੈੱਡ ਮਾਸਟਰ ਕਾਡਰ ਤੋਂ ਕੇਸ ਨਾ ਮੰਗ ਕੇ ਇਸ ਕਾਡਰ ਨਾਲ ਇੱਕ ਤਰ੍ਹਾਂ ਨਾਲ ਵਿਤਕਰਾ ਕੀਤਾ ਗਿਆ ਹੈ।
ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਲੈਕਚਰਾਰ, ਵੋਕੇਸ਼ਨਲ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਪ੍ਰਿੰਸੀਪਲ ਦੀ ਭਰਤੀ ਲਈ ਫੀਡਰ ਕਾਡਰ ਹਨ। ਪਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕੇਵਲ ਲੈਕਚਰਾਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਤੋਂ ਹੀ ਪ੍ਰਿੰਸੀਪਲ ਦੀ ਤਰੱਕੀ ਲਈ ਕੇਸ ਮੰਗੇ ਗਏ ਹਨ। ਇਸ ਨਾਲ ਹੈੱਡ ਮਾਸਟਰ ਕਾਡਰ ਵਿੱਚ ਭਾਰੀ ਨਿਰਾਸ਼ਾ ਹੈ ਅਤੇ ਉਨ੍ਹਾਂ ਵੱਲੋਂ ਇਸ ਨੂੰ ਉਨ੍ਹਾਂ ਨਾਲ ਕੀਤੇ ਜਾ ਰਹੇ ਵਿਤਕਰਾ ਵਜੋਂ ਵੇਖਿਆ ਜਾ ਰਿਹਾ ਹੈ।
ਡੀ.ਟੀ.ਐੱਫ. ਪੰਜਾਬ ਦੇ ਮੀਤ ਪ੍ਰਧਾਨ ਰਾਜੀਵ ਬਰਨਾਲਾ, ਬੇਅੰਤ ਫੁੱਲੇਵਾਲ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਜੱਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਇੱਕ ਸਰਵੇਖਣ ਦੀ ਰਿਪੋਰਟ ਜਾਰੀ ਕਰਕੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਹੁਣ ਪ੍ਰਿੰਸੀਪਲ ਦੀਆਂ ਖਾਲੀ ਅਸਾਮੀਆਂ ਨੂੰ ਜੇਕਰ ਸਿੱਖਿਆ ਵਿਭਾਗ ਪੰਜਾਬ ਭਰਨ ਜਾ ਰਿਹਾ ਹੈ ਤਾਂ ਇਸ ਦੇ ਤਿੰਨੋਂ ਫੀਡਰ ਕਾਡਰਾਂ ਤੋਂ ਤਰੱਕੀ ਲਈ ਕੇਸ ਮੰਗਣੇ ਬਣਦੇ ਸਨ। ਪਰ ਵਿਭਾਗ ਨੇ ਕੇਸ ਮੰਗਣ ਸਬੰਧੀ ਪੱਤਰ ਜਾਰੀ ਕਰਨ ਸਮੇਂ ਹੈੱਡ ਮਾਸਟਰ ਕਾਡਰ ਨੂੰ ਅਣਗੌਲ੍ਹਿਆਂ ਕਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਹੈੱਡ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਨੂੰ ਰਮਸਾ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ‘ਤੇ ਮਰਜ਼ ਕੀਤੇ ਹੈਡ ਮਾਸਟਰਜ਼ ਦੀ ਸੀਨੀਅਰਤਾ ਰੈਗੂਲਰ ਹੋਣ ਦੀ ਮਿਤੀ ਤੋਂ ਫਾਈਨਲਾਈਜ ਕਰਕੇ ਹੈੱਡਮਾਸਟਰਾਂ ਦੇ ਪ੍ਰਿੰਸੀਪਲ ਦੀ ਤਰੱਕੀ ਲਈ ਬਣਦੇ ਕੇਸ ਤੁਰੰਤ ਮੰਗੇ ਜਾਣ ਤਾਂ ਜੋ ਪੰਜਾਬ ਭਰ ਵਿੱਚ ਹੁਣ ਦੀ ਸਥਿਤੀ ਅਨੁਸਾਰ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਕਰੀਬ 50 ਫ਼ੀਸਦੀ ਖਾਲੀ ਸਕੂਲਾਂ ਨੂੰ ਬਣਦੇ ਤਰੱਕੀ ਕੋਟੇ ਅਨੁਸਾਰ ਪ੍ਰਿੰਸੀਪਲ ਮਿਲ ਸਕਣ। ਆਗੂਆਂ ਨੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਵੀ ਰਹਿੰਦੀਆਂ ਤਰੁਟੀਆਂ ਜਲਦ ਦੂਰ ਕਰਕੇ ਪ੍ਰਿੰਸੀਪਲ ਕਾਡਰ ਲਈ ਤਰੱਕੀਆਂ ਦੀ ਸਮੁੱਚੀ ਪ੍ਰਕਿਰਿਆ ਸਮਾਂਬਧ ਮੁਕੰਮਲ ਕਰਨ ਦੀ ਮੰਗ ਕੀਤੀ ਹੈ।












