ਸ਼੍ਰੋਮਣੀ ਕਮੇਟੀ ਨੇ ਸਹਾਇਤਾ ਰਾਸ਼ੀ ਲੈ ਕੇ ਪੁੱਜੀਆਂ ਸੰਗਤਾਂ ਦਾ ਕੀਤਾ ਧੰਨਵਾਦ
ਸ੍ਰੀ ਅੰਮ੍ਰਿਤਸਰ, 21 ਨਵੰਬਰ ,ਬੋਲੇ ਪੰਜਾਬ ਬਿਊਰੋ;
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਗੁਰੂ ਨਾਨਕਪੁਰ ਦੀ ਸੰਗਤ ਨੇ ਗੁਰੂ ਘਰ ਪ੍ਰਤੀ ਨਿਮਰਤਾ ਅਤੇ ਸੇਵਾ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਹੜ੍ਹ ਪੀੜਤ ਸਹਾਇਤਾ ਫੰਡ ਲਈ 12 ਲੱਖ 63 ਹਜ਼ਾਰ ਰੁਪਏ ਦਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕਪੁਰ ਦੇ ਪ੍ਰਬੰਧਕਾਂ ਨੇ ਇਹ ਰਾਸ਼ੀ ਸ਼੍ਰੋਮਣੀ ਕਮੇਟੀ ਨੂੰ ਅੱਜ ਸੌਂਪੀ ਹੈ।
ਉੱਤਰ ਪ੍ਰਦੇਸ਼ ਦੇ ਪਿੰਡ ਗੁਰੂ ਨਾਨਕਪੁਰਾ ਤੋਂ ਪੁੱਜੇ ਸ. ਬਲਬੀਰ ਸਿੰਘ, ਸ. ਕੁਲਦੀਪ ਸਿੰਘ, ਸ. ਜਸਵੰਤ ਸਿੰਘ ਤੇ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਰਕਮ ਸਾਰੀ ਸੰਗਤ ਦੇ ਸਹਿਯੋਗ ਅਤੇ ਸਾਂਝੇ ਯਤਨਾਂ ਨਾਲ ਇਕੱਠੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦੀ ਮਾਰ ਝੱਲ ਰਹੇ ਭਰਾਵਾਂ ਦੀ ਸਹਾਇਤਾ ਕਰਨਾ ਸਭ ਦਾ ਮਾਨਵੀ ਫਰਜ਼ ਹੈ ਅਤੇ ਸੰਗਤ ਨੇ ਇਸ ਸੇਵਾ ਵਿੱਚ ਭਰਪੂਰ ਹਿੱਸਾ ਲਿਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਿੰਡ ਗੁਰੂ ਨਾਨਕਪੁਰਾ ਉੱਤਰ ਪ੍ਰਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਬਲਜੀਤ ਸਿੰਘ ਜਲਾਲਉਸਮਾ ਨੇ ਕਿਹਾ ਕਿ ਦੂਰ-ਦੂਰ ਦੇ ਇਲਾਕਿਆਂ ਤੋਂ ਇਸ ਤਰ੍ਹਾਂ ਦੀ ਸੇਵਾ ਦਾ ਆਉਣਾ ਸਿੱਖ ਭਾਈਚਾਰੇ ਦੀ ਏਕਤਾ ਅਤੇ ਗੁਰਮਤਿ ਪ੍ਰਤੀ ਅਟੁੱਟ ਭਰੋਸੇ ਨੂੰ ਦਰਸਾਉਂਦਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਜੀਤ ਸਿੰਘ ਜਲਾਲਉਸਮਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ ਤੇ ਸੁਪਰਡੰਟ ਸ. ਨਿਸ਼ਾਨ ਸਿੰਘ ਨੇ ਸਹਿਯੋਗੀ ਰਾਸ਼ੀ ਲੈ ਕੇ ਪੁੱਜੀਆਂ ਸੰਗਤਾਂ ਦਾ ਸਨਮਾਨ ਕੀਤਾ।












