ਹੁਸ਼ਿਆਰਪੁਰ, 26 ਨਵੰਬਰ,ਬੋਲੇ ਪੰਜਾਬ ਬਿਊਰੋ;
ਹੁਸ਼ਿਆਰਪੁਰ ਨੇੜੇ ਦਸੂਹਾ-ਮਾਈਨੀ ਰੋਡ ’ਤੇ ਵਿਆਹ ਸਮਾਰੋਹ ਤੋਂ ਵਾਪਸੀ ਦੌਰਾਨ ਇਕ ਕਾਰ ਦਰੱਖ਼ਤ ਨਾਲ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਮਹਿਲਾ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ।
ਪੁਲਿਸ ਨੇ ਅੱਜ ਦੋਵਾਂ ਮ੍ਰਿਤਕਾਂ ਦੇ ਪੋਸਟਮਾਰਟਮ ਦੀ ਕਾਰਵਾਈ ਪੂਰੀ ਕਰਕੇ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ। ਮ੍ਰਿਤਕਾਂ ਵਿੱਚੋਂ ਇਕ ਮਹਿਲਾ ਦਾ ਵਿਆਹ ਸਿਰਫ਼ ਅੱਠ ਮਹੀਨੇ ਪਹਿਲਾਂ ਹੀ ਹੋਇਆ ਸੀ, ਜਿਸ ਨਾਲ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ।
ਪੁਲਿਸ ਦੇ ਅਨੁਸਾਰ 23 ਨਵੰਬਰ ਨੂੰ ਬਾਯੋਸਾ ਪਿੰਡ ਦੇ ਨੇੜੇ ਕਾਰ ਅਚਾਨਕ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ ਸੀ। ਹਾਦਸੇ ਵਿੱਚ ਰਜਿੰਦਰ ਕੌਰ (32) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰੀਤੀ (21) ਨੂੰ ਜਲੰਧਰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸਨੇ ਦਮ ਤੋੜ ਦਿੱਤਾ। ਕੁਲਵਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।ਪੁਲਿਸ ਮੁਤਾਬਕ, ਕਾਰ ਵਿੱਚ ਕੁੱਲ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ।












