ਡੋਲਾ ਬਸਤੀ ਦੇ ਲੋਕਾਂ ਦੀ ਤਰਸਯੋਗ ਹਾਲਤ ਵੇਖ ਕੇ ਲੱਗ ਹੀ ਨਹੀ ਸੀ ਰਿਹਾ ਕਿ ਇਹ ਲੋਕ ਵੀ ਵਿਕਾਸਸ਼ੀਲ ਭਾਰਤ ਅਤੇ ਰੰਗਲੇ ਪੰਜਾਬ ਦੇ ਹੀ ਵਾਸੀ ਹਨ- ਸੰਜੀਵਨ
ਮੋਹਾਲੀ 28 ਨਵੰਬਰ ,ਬੋਲੇ ਪੰਜਾਬ ਬਿਊਰੋ;
ਜ਼ਿੰਦਗੀ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਜ਼ਿਲਾ ਰੋਪੜ ਦੇ ਬੇਹੱਦ ਪਿਛੜੇ ਅਤੇ ਹੜ੍ਹ-ਪੀੜਤ ਪਿੰਡ ਪਲਾਸੀ ਅਤੇ ਭਲਾਣ ਦੇ ਡੋਲਾ ਬਸਤੀ ਦੇ ਤਿੰਨ ਦਰਜਨ ਪ੍ਰੀਵਾਰਾਂ ਨੂੰ ਕਪੜੇ ਅਤੇ ਕੰਬਲ ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਾਰਜਸ਼ੀਲ ਸਰਘੀ ਕਲਾ ਕੇਂਦਰ ਮੁਹਾਲੀ ਅਤੇ ਪੈਗ਼ਾਮ-ਏ-ਨਾਮਾ ਸਾਹਿਤ, ਭਾਸ਼ਾ, ਰੰਗਮੰਚ, ਲੋਕ-ਸਭਿਆਚਾਰ ਅਤੇ ਸਮਾਜ ਭਲਾਈ ਸੰਸਥਾ ਵੱਲੋਂ ਕੇਂਦਰ ਦੇ ਪ੍ਰਧਾਨ ਅਤੇ ਨਾਟਕਕਰਮੀ ਸੰਜੀਵਨ ਸਿੰਘ, ਹੜ੍ਹ-ਪੀੜਤ ਤਾਲਮੇਲ ਕਮੇਟੀ ਦੇ ਕਨਵੀਨਰ ਅਸ਼ੋਕ ਬਜਹੇੜੀ ਅਤੇ ਰੋਜ਼ਾਨਾ ਦੈਨਿਕ ਸਵੇਰਾ ਦੇ ਪੱਤਰਕਾਰ ਸੇਠੀ ਸ਼ਰਮਾਂ (ਅੱਪੂ) ਦੀ ਰਹਿਨੁਮਾਈ ਹੇਠ ਤਕਸੀਮ ਕੀਤੇ।ਪਿੰਡ ਵਾਸੀ ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਭੋਲੀ ਦੇਵੀ ਨੇ ਦੱਸਿਆ ਕਿ ਅਸੀਂ ਡੋਲਾ ਬਸਤੀ ਵਿਚ ਦਾਦਿਆਂ-ਪੜਦਾਦਿਆਂ ਤੋਂ ਰਹਿ ਰਹੇ ਹਨ ਪਰ ਅਸੀਂ ਹੜਾਂ ਦੇ ਪਾਣੀਆਂ ਦੇ ਕਹਿਰ ਝੱਲਣ ਦੇ ਨਾਲ ਨਾਲ ਬਿਜਲੀ ਵਰਗੀ ਮੁੱਢਲੀ ਸਹੂਲਤਾਂ ਨੂੰ ਵੀ ਤਰਸ ਰਹੇ ਹਾਂ।ਉਨਾਂ ਕਿਹਾ ਕਿ ਤਿੰਨ ਚਾਰ ਫੁੱਟਾ ਉਬੜ-ਖਾਬੜ ਤਿੰਨ ਕਿਲੋਮੀਟਰ ਰਸਤਾ ਬਰਸਾਤਾਂ ਵਿਚ ਸਾਡੇ ਲਈ ਬੇਸ਼ੁਮਾਰ ਮੁਸੀਬਤਾਂ ਲੈਕੇ ਆਉਂਦਾ ਹੈ।ਸਕੂਟਰ, ਸਾਇਕਲ ਤਾਂ ਕੀ ਤੁਰਕੇ ਜਾਣ ਲੱਗਿਆਂ ਵੀ ਅਸੀਂ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਜਾਂਦੇ ਹਾਂ।ਛੇ ਸੱਤ ਪਿੰਡਾਂ ਦਾ ਇਕ ਸਰਪੰਚ ਹੈ। ਜੋ ਸਿਰਫ ਵੋਟਾਂ ਮੰਗਣ ਹੀ ਆਉਂਦਾ ਹੈ।
ਇਨ੍ਹਾਂ ਡੋਨਾ ਦੇ ਲੋਕਾਂ ਦੀ ਬੇਵੱਸੀ ਅਤੇ ਤਰਸਯੋਗ ਹਾਲਤ ਅੱਖੀਂ ਵੇਖ ਕੇ ਸੰਜੀਵਨ ਨੇ ਕਿਹਾ ਕਿ ਲੱਗ ਹੀ ਨਹੀ ਸੀ ਰਿਹਾ ਕਿ ਇਹ ਲੋਕ ਵੀ ਵਿਕਾਸਸ਼ੀਲ ਭਾਰਤ ਅਤੇ ਰੰਗਲੇ ਪੰਜਾਬ ਦੇ ਹੀ ਵਾਸੀ ਸਨ ਆਪਣੇ ਲੋਕਾਂ ’ਤੇ ਘੋਰ ਸੰਕਟ ਦੀ ਘੜੀ ’ਚ ਸ਼ਰੀਕ ਹੋਣਾ ਸਾਡੇ ਸਭ ਦਾ ਮਨੁੱਖੀ ਅਤੇ ਇਖ਼ਲਾਕੀ ਫਰਜ਼ ਹੈ।ਇਸ ਮੌਕੇ ਬਜਹੇੜੀ ਪਿੰਡ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਵਾਲੀਆ, ਅਮਰਜੀਤ ਸਿੰਘ (ਸੀ ਟੀ ਯੂ), ਸਰਘੀ ਪਰਿਵਾਰ ਦੇ ਗੁਰੁਵਿੰਦਰ ਬੈਦਵਾਣ ਅਤੇ ਸਰਬਪ੍ਰੀਤ ਸਿੰਘ ਵੀ ਨਾਲ ਸਨ।
ਜ਼ਿਕਰਯੋਗ ਹੈ ਕਿ ਦੋਵਾਂ ਸੰਸਥਾਵਾਂ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੰਡੀ ਖਜੂਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪੱਖੇ, ਲਾਜ਼ਮੀ ਦਤਾਵੇਜ਼ ਸੰਭਾਲਣ ਲਈ ਅਲਮਾਰੀ ਅਤੇ ਸਕੂਲ ਦੇ ਬੱਚਿਆਂ ਨੂੰ ਪੀਣ ਯੋਗ ਪਾਣੀ ਉਪਲਬਧ ਕਰਵਾਉਣ ਲਈ ਆਰ. ਓ. ਦੇਣ ਤੋਂ ਇਲਾਵਾ ਪਿੰਡ ਦੇ ਲੋੜਵੰਦ ਨਿਮਨ ਵਰਗ ਦੇ ਇਕ ਪ੍ਰੀਵਾਰ ਦੇ ਹੜ੍ਹ ਨਾਲ ਪੂਰੀ ਤਰਾਂ ਨੁਕਸਾਨ ਗ੍ਰਹਿਸਤ ਹੋਏ ਘਰ ਦੀ ਮੁੜ ਉਸਾਰੀ ਦੀ ਵੀ ਕੰਮ ਵੀ ਆਰੰਭਿਆ ਹੋਇਆ ਹੈ।












