ਕਿਹਾ– ਪੰਜਾਬ ਸਰਕਾਰ ਲੈਬ ਦੇ ਵਿਸਥਾਰ ਲਈ 25 ਏਕੜ ਜ਼ਮੀਨ ਮੁਹੱਈਆ ਕਰਵਾਏ
ਚੰਡੀਗੜ੍ਹ 28 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਵੱਡੀ ਸੌਗਾਤ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੋਹਾਲੀ ਦੀ ਸੈਮੀਕੰਡਕਟਰ ਲੈਬ ਦਾ ਦੌਰਾ ਕੀਤਾ ਅਤੇ ਲੈਬ ਦੇ ਮਾਡਰਨਾਈਜੇਸ਼ਨ ਅਤੇ ਵਿਸਥਾਰ ਲਈ 4500 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਇਸ ਲੈਬ ਦਾ ਕਿਸੇ ਵੀ ਹਾਲਤ ਵਿੱਚ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਇਹ ਲੈਬ ਹਮੇਸ਼ਾ ਸਰਕਾਰ ਦੇ ਅਧੀਨ ਰਹੇਗੀ ਅਤੇ ਸਰਕਾਰ ਇਸਦਾ ਹੋਰ ਵਿਸਥਾਰ ਕਰੇਗੀ ਤਾਂ ਜੋ ਭਾਰਤ ਸੈਮੀਕੰਡਕਟਰ ਦੇ ਖੇਤਰ ਵਿੱਚ ਦੁਨੀਆ ਦਾ ਨੰਬਰ-ਵਨ ਦੇਸ਼ ਬਣੇ।
ਪੰਜਾਬ ਭਾਜਪਾ ਨੇ ਇਨ੍ਹਾਂ ਮਹੱਤਵਪੂਰਨ ਘੋਸ਼ਣਾਵਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਧੰਨਵਾਦ ਕੀਤਾ ਹੈ। ਇਸ ਲੈਬ ਤੋਂ ਜਿੱਥੇ ਦੇਸ਼ ਨੂੰ ਲਾਭ ਹੋਵੇਗਾ, ਉੱਥੇ ਹੀ ਪੰਜਾਬ, ਵਿਸ਼ੇਸ਼ ਕਰਕੇ ਮੋਹਾਲੀ ਨੂੰ ਆਰਥਿਕ ਤੌਰ ’ਤੇ ਫਾਇਦਾ ਹੋਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਲੈਬ ਦੇ ਵਿਸਥਾਰ ਲਈ ਐਸਈਐਲ (SEL) ਨੂੰ ਲੋੜੀਂਦੀ 25 ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੇਂਦਰ ਸਰਕਾਰ ਦੇ ਫੰਡ ਨਾਲ ਇਸ ਦਾ ਹੋਰ ਵੱਡੇ ਪੱਧਰ ’ਤੇ ਵਿਸਥਾਰ ਅਤੇ ਆਧੁਨਿਕੀਕਰਨ ਕੀਤਾ ਜਾ ਸਕੇ।












