ਰਾਜਪੁਰਾ, 29 ਨਵੰਬਰ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ, ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਪਟਿਆਲਾ ਦੇ ਡੀਈਓ ਸੰਜੀਵ ਸ਼ਰਮਾ ਜੀ ਦੀ ਅਗਵਾਈ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਮਾਸ ਕਾਊਂਸਲਿੰਗ ਪ੍ਰੋਗਰਾਮ-2025 ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਖਾਸ ਤੌਰ ‘ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੱਖਿਆ ਗਿਆ ਸੀ, ਜਿਸ ਦਾ ਮਕਸਦ ਉਨ੍ਹਾਂ ਨੂੰ ਕਰੀਅਰ ਮਾਰਗਦਰਸ਼ਨ, ਬੋਰਡ ਪ੍ਰੀਖਿਆਵਾਂ ਲਈ ਮਾਨਸਿਕ ਤਿਆਰੀ ਅਤੇ ਜੀਵਨ-ਕੌਸ਼ਲਾਂ ਬਾਰੇ ਸਹੀ ਦਿਸ਼ਾ ਪ੍ਰਦਾਨ ਕਰਨਾ ਸੀ।
ਸਕੂਲ ਦੀ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਨੇ ਸਮੂਹ ਗਾਈਡੈਂਸ ਕਾਊਂਸਲਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਦੋਵਾਂ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਬੱਚਿਆਂ ਦੇ ਮਨ ਵਿੱਚ ਉਚਿਤ ਕਰੀਅਰ ਚੋਣ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਯੁਕਤ ਮਾਹਿਰ ਕਰੀਅਰ ਕਾਊਂਸਲਰਾਂ ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਅਨੇਕ ਵਿਕਲਪਾਂ, ਸਰਕਾਰੀ ਤੇ ਨਿੱਜੀ ਸਕਾਲਰਸ਼ਿਪ ਯੋਜਨਾਵਾਂ, ਵੋਕੇਸ਼ਨਲ ਕੋਰਸਾਂ ਦੇ ਲਾਭਾਂ ਅਤੇ ਜੀਵਨ ਵਿਚ ਨੈਤਿਕ ਮੁੱਲਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਵਿਸ਼ੇਸ਼ ਰੁਚੀ ਨਾਲ ਸਵਾਲ ਪੁੱਛੇ ਅਤੇ ਮਾਹਿਰਾਂ ਤੋਂ ਲਾਭਦਾਇਕ ਰਹਿਨੁਮਾਈ ਪ੍ਰਾਪਤ ਕੀਤੀ।
ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਯੋਗਤਾਵਾਂ ਅਨੁਸਾਰ ਸਹੀ ਦਿਸ਼ਾ ਚੁਣਣ ਲਈ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਕੌਰ ਪਟਿਆਲਾ ਨੇ ਬੱਚਿਆਂ ਨੂੰ ਨਾਗਰਿਕਾਂ ਦੇ ਅਧਿਕਾਰਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਕਰਤੱਵਾਂ ਬਾਰੇ ਵੀ ਜਾਗਰੂਕ ਕੀਤਾ।
ਇਸ ਮੌਕੇ ਕਾਊਂਸਲਰਾਂ ਵਿੱਚ ਸੁਮਿਤ ਕੁਮਾਰ ਬਲਾਕ ਕਾਊਂਸਲਰ ਰਾਜਪੁਰਾ–2, ਚੰਦਨ ਜੈਨ ਲੈਕਚਰਾਰ ਅੰਗਰੇਜ਼ੀ ਅਤੇ ਬਲਾਕ ਕਾਊਂਸਲਰ ਰਾਜਪੁਰਾ–1, ਚੰਦਰ ਸ਼ੇਖਰ ਬਲਾਕ ਕਾਊਂਸਲਰ, ਨਰੇਸ਼ ਧਮੀਜਾ ਕੰਪਿਊਟਰ ਫੈਕਲਟੀ ਅਤੇ ਕੀਰਤੀਮਾਨ ਗੁਪਤਾ ਚਾਰਟਡ ਅਕਾਊਂਟੈਂਟ ਨੇ ਵੱਖ-ਵੱਖ ਕਰੀਅਰ ਖੇਤਰਾਂ, ਪੇਸ਼ੇਵਰ ਕੋਰਸਾਂ ਅਤੇ ਭਵਿੱਖ ਵਿੱਚ ਉਪਲਬਧ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ।
ਮੰਚ ਸੰਚਾਲਨ ਦਾ ਮੁੱਖ ਭਾਗ ਸਕੂਲ ਕਾਊਂਸਲਰ ਰਾਜਿੰਦਰ ਸਿੰਘ ਚਾਨੀ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ ਗਿਆ। ਉਨ੍ਹਾਂ ਨੇ ਪ੍ਰੋਗਰਾਮ ਦੀ ਲੜੀ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਅਤੇ ਮਹਿਮਾਨਾਂ ਤੇ ਵਿਦਿਆਰਥੀਆਂ ਵਿਚਕਾਰ ਸਾਰਥਕ ਸੰਵਾਦ ਬਣਾਇਆ।
ਪ੍ਰੋਗਰਾਮ ਵਿੱਚ ਸਕੂਲ ਦੇ ਸਟਾਫ ਮੈਂਬਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਮਾਸ ਕਾਊਂਸਲਿੰਗ ਸੈਸ਼ਨ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਭਵਿੱਖ ਲਈ ਨਵਾਂ ਉਤਸ਼ਾਹ ਪ੍ਰਾਪਤ ਕੀਤਾ।












