ਹਰਜਿੰਦਰ ਸਿੰਘ ਧਾਮੀ ਕਿਹੜੀ ਮਜਬੂਰੀ ਤਹਿਤ ਦਿੱਲੀ ਸਮਾਗਮ ਵਿਚ ਹਾਜ਼ਿਰੀ ਭਰਣ ਦੀ ਥਾਂ ਵੱਖਰੇ ਪ੍ਰੋਗਰਾਮ ਕਰਵਾ ਰਹੇ ਹਨ: ਕਾਲਕਾ, ਕਾਹਲੋਂ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 29 ਨਵੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਦਿੱਲੀ ਵਿਚ ਲਾਲ ਕਿਲ੍ਹੇ ’ਤੇ ਹੋਏ ਪ੍ਰੋਗਰਾਮਾਂ ਵਿਚ ਹਾਜ਼ਰੀ ਨਾ ਭਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਂਹ ਪੱਖੀ ਭੂਮਿਕਾ ਅਦਾ ਕੀਤੀ ਹੈ ਤੇ ਇਸ ਮਾਮਲੇ ਵਿਚ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਹੁਕਮਾਂ ਦੀ ਪਾਲਣਾ ਕਰ ਕੇ ਬਹੁਤ ਗਲਤ ਬਿਰਤਾਂਤ ਸਿਰਜਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਵਿਚ ਹੋਈ ਸੀ ਤੇ ਇਸ ਲਈ ਇਹ 350 ਸਾਲਾ ਸ਼ਹੀਦੀ ਸਮਾਗਮ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ ਦੀ ਬਣਦੀ ਸੀ। ਉਹਨਾਂ ਕਿਹਾ ਕਿ ਅਸੀਂ ਆਪਣੇ ਵੱਲੋਂ ਇਹ ਪੂਰੀ ਜ਼ਿੰਮੇਵਾਰੀ ਨਿਭਾਈ ਤੇ ਇਸ ਮਾਮਲੇ ਵਿਚ ਸਾਡੇ ਵੱਲੋਂ ਚਾਰ ਮੈਂਬਰੀ ਕਮੇਟੀ ਵੱਲੋਂ ਐਡਵੋਕੇਟ ਧਾਮੀ ਤੇ ਸਮੁੱਚੀ ਸ਼੍ਰੋਮਣੀ ਕਮੇਟੀ ਦੀ ਟੀਮ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਟੀਮ ਨੇ ਦਿੱਲੀ ਵਿਚ ਹੋਏ ਇਤਿਹਾਸਕ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਥਾਂ ’ਤੇ ਸ੍ਰੀ ਆਨੰਦਪੁਰ ਸਾਹਿਬ ਵਿਚ ਵੱਖਰੇ ਸਮਾਗਮ ਕਰਨ ਨੂੰ ਤਰਜੀਹ ਦਿੱਤੀ। ਉਹਨਾ ਕਿਹਾ ਕਿ ਜਦੋਂ 1975 ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਚ ਇਹ ਸਮਾਗਮ ਮਨਾਇਆ ਗਿਆ ਸੀ ਜਿਸ ਵਿਚ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ, ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ, ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਕ੍ਰਿਪਾਲ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਇਹਨਾਂ ਸਮਾਗਮਾਂ ਵਿਚ ਹਾਜ਼ਰੀ ਭਰੀ ਸੀ। ਉਸ ਵੇਲੇ ਜਸਪਾਲ ਸਿੰਘ ਕੋਛੜ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ। ਉਹਨਾਂ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਜਿਹੀ ਕਿਹੜੀ ਮਜਬੂਰੀ ਬਣੀ ਕਿ ਉਹਨਾਂ ਦਿੱਲੀ ਵਿਚ ਇਤਿਹਾਸਕ ਸਮਾਗਮਾਂ ਵਿਚ ਹਾਜ਼ਰੀ ਭਰਨ ਦੀ ਥਾਂ ਵੱਖਰੇ ਸਮਾਗਮ ਕਰਵਾਉਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਸਭ ਰਾਜਸੀ ਖੇਡਾਂ ਸੀ ਜੋ ਖੇਡੀਆਂ ਗਈਆਂ ਜਿਸ ਵਾਸਤੇ ਇਤਿਹਾਸਕ ਮੌਕੇ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਹਨਾਂ ਕਿਹਾ ਕਿ ਦਿੱਲੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੇ ਪੂਰੀ ਰਾਜਨੀਤੀ ਕੀਤੀ ਅਤੇ ਜਿਹਨਾਂ ਦਿਹਾੜਿਆਂ ’ਤੇ ਇਤਿਹਾਸਕ ਨਗਰ ਕੀਰਤਨ ਸਜਾਏ ਜਾਣੇ ਸਨ, ਉਹਨਾਂ ਦਿਨਾਂ ਵਿਚ ਬਰਾਬਰ ਦੇ ਨਗਰ ਕੀਰਤਨ ਸਜਾਏ ਗਏ। ਉਹਨਾਂ ਕਿਹਾ ਕਿ ਇਹ ਲੋਕ ਪਹਿਲਾਂ ਵੀ ਦੋ-ਦੋ ਸੰਗਰਾਂਦਾ ਤੇ ਦੋ-ਦੋ ਗੁਰਪੁਰਬ ਮਨਾ ਕੇ ਸਿੱਖ ਸੰਗਤ ਵਿਚ ਦੁਬਿਧਾ ਪੈਦਾ ਕਰਦੇ ਰਹੇ ਹਨ ਤੇ ਇਸ ਵਾਰ ਵੀ ਇਹਨਾਂ ਨੇ ਇਹੋ ਕੁਝ ਕੀਤਾ। ਉਹਨਾਂ‌ ਕਿਹਾ ਕਿ ਦੂਜੇ ਪਾਸੇ ਦਿੱਲੀ ਦੀ ਸੰਗਤ ਸਿਰਮੌਰ ਹੈ ਜਿਹਨਾਂ ਨੇ ਲੱਖਾਂ ਦੀ ਗਿਣਤੀ ਵਿਚ ਲਾਲ ਕਿਲ੍ਹੇ ’ਤੇ ਇਤਿਹਾਸਕ ਹਾਜ਼ਰੀ ਭਰ ਕੇ ਸਮਾਗਮਾਂ ਨੂੰ ਸਫਲ ਕੀਤਾ। ਉਹਨਾਂ ਕਿਹਾ ਕਿ ਅਸੀਂ ਜੇਕਰ ਦਿੱਲੀ ਸਰਕਾਰ ਨਾਲ ਮਿਲ ਕੇ ਸਮਾਗਮ ਕੀਤੇ ਤਾਂ ਇਹਨਾਂ ਵਿਚ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸ਼ਾਮਿਲ ਹੋਏ ਤੇ ਇਹ ਸਮਾਗਮ ਇਤਿਹਾਸਕ ਹੋ ਨਿਬੜੇ। ਉਹਨਾਂ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਦਾ ਜੋ ਹਾਲ ਸੀ, ਉਹ ਸੰਗਤ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹ ਕਿਸੇ ਦੇ‌ ਖਿਲਾਫ ਨਹੀਂ ਬੋਲ ਰਹੇ ਪਰ ਅਸਲੀਅਤ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿ ਜਿਹਨਾਂ ਨੇ ਗੁੰਮਰਾਹ ਕੀਤਾ, ਉਹਨਾਂ ਖਿਲਾਫ ਜਿਹੜੇ ਵੀ ਪਰਚੇ ਦਰਜ ਹਨ, ਸਾਡੇ ਕੋਲ ਸਾਰਾ ਹਿਸਾਬ ਹੈ, ਜਦੋਂ ਜਥੇਦਾਰ ਸਾਹਿਬ ਹੁਕਮ ਕਰਨਗੇ, ਅਸੀਂ ਸਾਰਾ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਦਿਆਂਗੇ। ਉਹਨਾਂ ਕਿਹਾ ਕਿ ਸੱਚ ਹੁਣ ਸਭ ਦੇ ਸਾਹਮਣੇ ਹੈ। ਸੰਗਤ ਨੇ ਆਪ ਫਤਵਾ ਦੇ ਦਿੱਤਾ ਹੈ, ਇਸ ਤੋਂ ਵੱਧ ਅਸੀਂ ਕੁਝ ਕਹਿਣਾ ਨਹੀਂ ਚਾਹੁੰਦੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।