ਚਮਕੌਰ ਸਾਹਿਬ 6 ਦਸੰਬਰ ,ਬੋਲੇ ਪੰਜਾਬ ਬਿਊਰੋ;
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਦੇ ਪੰਜਾਬ ਕਮੇਟੀ ਦੇ ‘ਸ਼ਨੀਵਾਰ ਅੰਦੋਲਨ’ ਦੇ ਨਾਂਅ ਤਹਿਤ ਦਿੱਤੇ ਗਏ ਸੱਦੇ ਉੱਤੇ ਯੂਨੀਅਨ ਵਲੋਂ ਲੇਬਰ ਚੌਂਕ ਵਿਖੇ ਚਮਕੌਰ ਸਾਹਿਬ ਵਿਖੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਇਫਟੂ ਵਰਕਰਾਂ ਵਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਸਤਵਿੰਦਰ ਸਿੰਘ ਨੀਟਾ, ਦਲਵੀਰ ਸਿੰਘ ਬਿੱਟੂ, ਮਲਾਗਰ ਸਿੰਘ ਖਮਾਣੋਂ, ਮਿਸਤਰੀ ਮਨਮੋਹਨ ਸਿੰਘ ਕਾਲਾ, ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਹੀ ਮਾਰੂ ਹਮਲਾ ਹੈ।ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਬੁਨਿਆਦੀ ਅਧਿਕਾਰ ਖੋ ਲੈਂਦੇ ਹਨ। ਇਹ ਅਧਿਕਾਰ ਮਜ਼ਦੂਰਾਂ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਇਹ ਮਜ਼ਦੂਰ ਜਮਾਤ ਕੋਲੋਂ ਉਸਦਾ ਯੂਨੀਅਨ ਬਣਾਉਣ ਦਾ ਅਧਿਕਾਰ, ਹੜਤਾਲ ਕਾਰਨ ਦਾ ਅਧਿਕਾਰ ਖੋਹਦੇਂ ਹਨ, ਰੁਜ਼ਗਾਰ ਸੁਰੱਖਿਆ ਨੂੰ ਖਤਮ ਕਰਦੇ ਹਨ,ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਮਜ਼ਦੂਰਾਂ ਦੀ ਸੁੱਰਖਿਆ ਪ੍ਰਤੀ ਮਾਲਕਾਂ ਦੀ ਜਵਾਬਦੇਹੀ ਨੂੰ ਖ਼ਤਮ ਕਰਦੇ ਹਨ। ਉਹਨਾਂ ਕਿਹਾ ਕਿ ਇਹ ਕੋਡ ਸਕੀਮ ਵਰਕਰਾਂ, ਗ਼ਿਗ ਵਰਕਰਾਂ,ਕੱਚੇ ਵਰਕਰਾਂ, ਆਉਟਸੋਰਸ ਵਰਕਰਾਂ ਦੇ ਹਿੱਤਾਂ ਉੱਤੇ ਵੀ ਘਾਤਕ ਹਮਲਾ ਹਨ ਜਿਹਨਾਂ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਇਹ ਲੇਬਰ ਕੋਡ ਮਜ਼ਦੂਰ ਪੱਖੀ ਹਨ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਰੇ ਪੰਜਾਬ ਵਿੱਚ ਇਸ ‘ਸ਼ਨੀਵਾਰ ਅੰਦੋਲਨ’ ਨੂੰ ਸ਼ੁਰੂ ਕਰਨ। ਇਸ ਮੌਕੇ ਅਜੈਬ ਸਿੰਘ ਸਮਾਣਾ, ਗੁਰਮੇਲ ਸਿੰਘ, ਗੁਲਾਬ ਚੰਦ ਚੌਹਾਨ, ਆਦਿ ਹਾਜ਼ਰ ਸਨ।












