ਅੰਮ੍ਰਿਤਸਰ, 7 ਦਸੰਬਰ ,ਬੋਲੇ ਪੰਜਾਬ ਬਿਊਰੋ;
ਆਸਟ੍ਰੇਲੀਆਈ ਲੇਬਰ ਪਾਰਟੀ ਦੇ ਸੀਨੀਅਰ ਨੇਤਾ ਅਤੇ ਨਾਗਰਿਕਤਾ, ਅੰਤਰਰਾਸ਼ਟਰੀ ਸਿੱਖਿਆ, ਕਸਟਮ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਬੀਤੇ ਦਿਨ 6 ਦਸੰਬਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਦੇ ਇਸ ਦੌਰੇ ਨੂੰ ਸਿੱਖ ਭਾਈਚਾਰੇ ਅਤੇ ਵਿਦਿਆਰਥੀਆਂ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਆਸਟ੍ਰੇਲੀਅਨ ਸਾਂਸਦ ਜੂਲੀਅਨ ਹਿੱਲ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ।ਮੀਡੀਆ ਨਾਲ ਗੱਲਬਾਤ ਕਰਦਿਆਂ ਜੂਲੀਅਨ ਹਿੱਲ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਸਿੱਖ ਧਰਮ, ਪੰਜਾਬੀ ਭਾਸ਼ਾ ਅਤੇ ਪੰਜਾਬੀ ਭਾਈਚਾਰਾ (Punjab) ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਤਰੀਫ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰਾ ਨਾ ਸਿਰਫ਼ ਗਿਣਤੀ ਵਿੱਚ ਵਧ ਰਿਹਾ ਹੈ ਸਗੋਂ ਦੇਸ਼ ਦੇ ਆਰਥਿਕ, ਸਮਾਜਿਕ, ਵਿਦਿਅਕ ਅਤੇ ਵਪਾਰਕ ਖੇਤਰਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਸਟ੍ਰੇਲੀਆ ਦੇ ਵਿਕਾਸ ਵਿੱਚ ਪੰਜਾਬੀਆਂ ਦਾ ਯੋਗਦਾਨ ਬਹੁਤ ਕੀਮਤੀ ਹੈ ਅਤੇ ਮਾਣ ਵਾਲੀ ਗੱਲ ਹੈ।
ਵੀਜ਼ੇ ਦੇ ਮੁੱਦੇ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਜੂਲੀਅਨ ਹਿੱਲ ਨੇ ਸਪੱਸ਼ਟ ਕੀਤਾ ਕਿ ਆਸਟ੍ਰੇਲੀਆਈ ਸਰਕਾਰ ਇਮਾਨਦਾਰੀ ਨਾਲ ਉਨ੍ਹਾਂ ਵਿਦਿਆਰਥੀਆਂ ਜਾਂ ਬਿਨੈਕਾਰਾਂ ਨੂੰ ਵੀਜ਼ਾ ਦਿੰਦੀ ਹੈ ਜੋ ਸਹੀ ਅਤੇ ਸੱਚੀ ਜਾਣਕਾਰੀ ਅਤੇ ਦਸਤਾਵੇਜ਼ਾਂ ਨਾਲ ਅਰਜ਼ੀ ਦਿੰਦੇ ਹਨ।












