ਰਾਜਸਥਾਨ 10 ਦਸੰਬਰ ,ਬੋਲੇ ਪੰਜਾਬ ਬਿਊਰੋ;
ਬੁੱਧਵਾਰ ਨੂੰ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਅਤੇ ਖਵਾਜਾ ਗਰੀਬ ਨਵਾਜ਼ ਦਰਗਾਹ (ਅਜਮੇਰ ਸ਼ਰੀਫ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਧਮਕੀ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਦਰਗਾਹ ਅਤੇ ਕੋਰਟ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ।
ਜਿਸ ਤੋਂ ਬਾਅਦ ਦੋਵਾਂ ਥਾਵਾਂ ਦੀ ਤਲਾਸ਼ੀ ਲਈ ਗਈ, ਹਾਲਾਂਕਿ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਸੂਤਰਾਂ ਮੁਤਾਬਕ ਦਰਗਾਹ ਕਮੇਟੀ ਨੂੰ ਸਵੇਰੇ ਅਧਿਕਾਰਤ ਆਈਡੀ ‘ਤੇ ਇੱਕ ਧਮਕੀ ਭਰਿਆ ਈਮੇਲ ਮਿਲਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ।
ਰਾਜਸਥਾਨ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਅਤੇ ਇੱਕ ਧਮਕੀ ਭਰਿਆ ਈਮੇਲ ਮਿਲਿਆ, ਜਿਸ ਵਿੱਚ ਹਾਈ ਕੋਰਟ ਦੇ ਅਹਾਤੇ ਵਿੱਚ ਬੰਬ ਰੱਖਣ ਦੀ ਚੇਤਾਵਨੀ ਦਿੱਤੀ ਗਈ ਸੀ।
ਈਮੇਲ ਮਿਲਣ ‘ਤੇ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਅਤੇ ਬਿਨਾਂ ਦੇਰੀ ਕੀਤੇ ਪੂਰੇ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ। ਧਮਕੀ ਤੋਂ ਬਾਅਦ ਪੁਲਸ, ਅੱਤਵਾਦ ਵਿਰੋਧੀ ਦਸਤੇ (ਏਟੀਐਸ), ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ), ਬੰਬ ਨਿਰੋਧਕ ਦਸਤੇ ਅਤੇ ਕੁੱਤਾ ਦਸਤਾ ਦੀਆਂ ਕਈ ਟੀਮਾਂ ਹਾਈ ਕੋਰਟ ਕੰਪਲੈਕਸ ਵਿੱਚ ਪਹੁੰਚ ਗਈਆਂ।













