ਸਾਡੇ ਅਧਿਆਪਕ ਕੇਵਲ ਵਿਦਿਆਰਥੀਆਂ ਲਈ ਹੀ ਮਾਰਗ ਦਰਸ਼ਕ ਨਹੀਂ ਹਨ ਸਗੋਂ ਸਾਡੇ ਸਮਾਜ ਲਈ ਵੀ ਸ਼ੀਸ਼ੇ ਦਾ ਕੰਮ ਕਰਦੇ ਹਨ ।ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਜਾਂ ਗੁਰੂ ਹੀ ਭੜਕਾਊ ,ਗੈਰ ਕਾਨੂੰਨੀ ਤੇ ਗੈਰ ਵਿਭਾਗੀ ਗਤੀਵਿਧੀਆਂ ਕਰਨ ਲੱਗ ਪਵੇ ਫਿਰ ਤਾਂ ਸਮਾਜ ਦਾ ਰੱਬ ਹੀ ਰਾਖਾ ਹੈ। ਮੇਰੇ ਆਪਣੇ ਹੀ ਸ਼ਹਿਰ ਖੰਨਾ ਦੇ ਸਰਕਾਰੀ ਕੰਨਿਆ ਸਕੂਲ ਦੇ ਪ੍ਰਿੰਸੀਪਲ ਦੀ ਸਕੂਲ ਦੀਆਂ ਕੁਝ ਮਹਿਲਾ ਅਧਿਆਪਕਾਵਾਂ ਨਾਲ ਲੱਚਰ ਗਾਣੇ ਉੱਤੇ ਡਾਂਸ ਕਰਦਿਆਂ ਦੀ ਇਤਰਾਜ਼ਯੋਗ ਵਾਇਰਲ ਹੋਈ ਵੀਡੀਓ ਬਾਰੇ ਪੰਜਾਬੀ ਦੇ ਅਖ਼ਬਾਰਾਂ ਚ ਪ੍ਰਕਾਸ਼ਤ ਖ਼ਬਰ ਪੜ੍ਹ ਕੇ ਮਨ ਨੂੰ ਬੜੀ ਠੇਸ ਪੁੱਜੀ ਹੈ।ਇਸ ਵੀਡੀਓ ਤੇ ਖ਼ਬਰ ਨੇ ਮਨ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ।ਜਿਸ ਵਿੱਚ ਪ੍ਰਿੰਸੀਪਲ ਵੱਲੋਂ ਸਕੂਲ ਦੀਆਂ ਕੁੱਝ ਮਹਿਲਾ ਅਧਿਆਪਕਾਂ ਨਾਲ ਵਿਦਿਅਕ ਟ੍ਰਿਪ ਦੌਰਾਨ ਦੇਰ ਰਾਤ ਕਿਸੇ ਢਾਬੇ ਉੱਤੇ ਡਾਂਸ ਕੀਤਾ ਜਾ ਰਿਹਾ ਹੈ ।
ਇਹ ਸਭ ਪੜ੍ਹ ਵੇਖ ਕੇ ਸੋਚਦਾ ਹਾਂ ਅੱਜ ਅਧਿਆਪਕ ਵਰਗ ਕਿਸ ਦਿਸ਼ਾ ਵੱਲ ਜਾ ਰਿਹਾ ਹੈ ? ਅਧਿਆਪਕ ਕਿਉਂ ਆਪਣੇ ਮਕਸਦ ਤੋ ਭੜਕ ਕੇ ਗਲਤ ਦਿਸ਼ਾ ਵੱਲ ਤੁਰ ਪਿਆ ਹੈ ? ਅਧਿਆਪਕ ਬੱਚਿਆਂ ਵਾਸਤੇ ਇਕ ਰੋਲ ਮਾਡਲ ਬਣਨ ਦੀ ਬਜਾਏ ਖ਼ੁਦ ਪੁੱਠੀ ਦਿਸ਼ਾ ਵੱਲ ਨੂੰ ਵਹਿ ਤੁਰਿਆ ਹੈ ? ਕਿਉਂਕਿ ਅਧਿਆਪਕ ਦਾ ਕੰਮ ਪੜ੍ਹਾਉਣਾ ਹੈ ਨਾ ਕੇ ਖੁਦ ਦੀ ਐਸ਼ ਪ੍ਰਸਤੀ ਲਈ ਟ੍ਰਿਪ ਉੱਤੇ ਮਹਿਲਾ ਅਧਿਆਪਕਾਂਵਾਂ ਨਾਲ ਡਾਂਸ ਕਰਨਾ।ਟ੍ਰਿਪ ਵਿਦਿਆਰਥੀਆਂ ਨੂੰ ਮਨੋਰੰਜਨ ਕਰਵਾਉਣ ਲਈ ਲਿਜਾਏ ਜਾਂਦੇ ਹਨ ਨਾ ਕੇ ਅਧਿਆਪਕਾਂ ਦੇ ਖ਼ੁਦ ਦੇ ਮਨੋਰੰਜਨ ਲਈ ਆਰਗੇਨਾਈਜ਼ ਕੀਤੇ ਜਾਂਦੇ ਹਨ। ਅਧਿਆਪਕਾਂ ਦੀਆਂ ਅਜਿਹੀਆਂ ਵੀਡੀਓ ਦੇ ਵਾਇਰਲ ਹੋਣ ਨਾਲ ਸਮੁੱਚੇ ਅਧਿਆਪਕਾਂ ਦਾ ਸਮੁੱਚੇ ਸਮਾਜ ਚ ਰੁਤਬਾ ਨੀਵਾਂ ਹੁੰਦਾ ਹੈ।ਅਧਿਆਪਕਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ। ਜਿਨਾਂ ਨਾਲ ਲੋਕਾਂ ਚ ਉਨਾਂ ਦੀ ਤੋਏ ਤੋਏ ਹੋਵੇ ਤੇ ਸਮਾਜ ਚ ਉਨਾਂ ਦਾ ਅਕਸ ਖਰਾਬ ਹੁੰਦਾ ਹੋਵੇ।
ਦੂਜਾ,ਮਾਪਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ।ਉਨਾਂ ਨੂੰ ਅਜਿਹੇ ਪ੍ਰਿੰਸੀਪਲ ਤੇ ਅਧਿਆਪਕਾਂ ਤੋਂ ਸਵਾਲ ਪੁੱਛਣ ਬਣਦਾ ਹੈ ਕੇ ਸਾਡੇ ਬੱਚਿਆਂ ਨੂੰ ਤੁਸੀਂ ਕਿਹੋ ਜਿਹੀ ਸਿੱਖਿਆ ਦੇ ਰਹੇ ਹੋ ? ਤੁਸੀਂ ਖੁਦ ਹੀ ਲੱਚਰ ਗਾਣਿਆਂ ਤੇ ਡਾਂਸ ਕਰ ਰਹੇ ਹੋ ? ਕਿਉਂ ਕੋਰੇ ਬੱਚਿਆਂ ਦੇ ਕਾਗਜ਼ ਵਰਗੇ ਮਨਾਂ ਉੱਤੇ ਗਲਤ ਝਰੀਟਾਂ ਮਾਰ ਕੇ ਉਨਾਂ ਨੂੰ ਦਿਸ਼ਾਹੀਣ ਕਰ ਰਹੇ ਹੋ ?
ਤੀਜਾ,ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।ਜੋ ਖ਼ੁਦ ਦੇ ਮਨੋਰੰਜਨ ਲਈ ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਲਾਂਭੇ ਰੱਖ ਕੇ ਟ੍ਰਿਪ ਉੱਤੇ ਅਜਿਹਾ ਕੁਝ ਕਰਦੇ ਹਨ।ਜਿਸ ਨਾਲ ਸਾਰਾ ਵਿਭਾਗ ਬਦਨਾਮ ਹੁੰਦਾ ਹੈ ।ਕਹਿੰਦੇ ਹਨ ਕਿ ਇੱਕ ਮੱਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਸੋ ਅਜਿਹੀ ਮਛਲੀ ਨੂੰ ਤਲਾਬ ਚੋ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਬਾਕੀ ਮਛਲੀਆਂ ਨੂੰ ਖਰਾਬ ਨਾ ਕਰੇ ।
ਚੌਥਾ,ਅਧਿਆਪਕ ਵਰਗ ਬੱਚਿਆਂ ਲਈ ਮਾਰਗ ਦਰਸ਼ਕ ਹੈ ਨਾ ਕੇ ਉਸ ਨੂੰ ਪੁੱਠੇ ਰਾਹ ਪਾਉਣ ਲਈ। ਇਹੋ ਜਿਹੇ ਪ੍ਰਿੰਸੀਪਲ ਤੇ ਅਧਿਆਪਕ ਵਿਦਿਆਰਥੀਆਂ ਨੂੰ ਕੀ ਸਿੱਖਿਆ ਦੇਣਗੇ ਜਾਂ ਉਨਾਂ ਦਾ ਕੀ ਮਾਰਗ ਦਰਸ਼ਨ ਕਰਨਗੇ ? ਤੁਸੀਂ ਖ਼ੁਦ ਅੰਦਾਜ਼ਾ ਲਾ ਸਕਦੇ ਹੋ।
ਸੋ ਸਾਰੀਆਂ ਸਮਾਜਕ,ਧਾਰਮਿਕ,ਮੁਲਾਜ਼ਮ ਤੇ ਸਿਆਸੀ ਜਥੇਬੰਦੀਆਂ ਤੇ ਬੱਚਿਆਂ ਦੇ ਮਾਪਿਆਂ ਤੇ ਆਮ ਲੋਕਾਂ ਨੂੰ ਅਜਿਹੇ ਪ੍ਰਿੰਸੀਪਲ ਤੇ ਅਧਿਆਪਕਾਂ ਦਾ ਸਮਾਜਕ ਬਾਈਕਾਟ ਕਰਨਾ ਚਾਹੀਦਾ ਹੈ।
ਬਾਕੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਉਕਤ ਘਟਨਾ ਬਾਰੇ ਕੀ ਨਿਰਣਾ ਲੈਂਦੇ ਹਾ ਇਹ ਵੇਖਣ ਵਾਲੀ ਗੱਲ ਹੋਵੇਗੀ। ਕਿਉਂਕਿ ਪ੍ਰਿੰਸੀਪਲ ਵੱਲੋਂ ਅਜਿਹੀਆਂ ਗਤੀਵਿਧੀਆਂ ਅਤਿ ਨਿੰਦਣਯੋਗ ਤਾਂ ਹਨ ਹੀ,ਨਾਲ ਹੀ ਅਜਿਹੀਆਂ ਕਾਰਵਾਈਆਂ ਬੱਚਿਆਂ ਉੱਤੇ ਬੁਰਾ ਪ੍ਰਭਾਵ ਵੀ ਪਾਉਂਦੀਆਂ ਹਨ। ਇਸ ਲਈ ਮਾਣਯੋਗ ਮੁੱਖ ਮੰਤਰੀ ,ਸਿੱਖਿਆ ਮੰਤਰੀ ,ਸਿੱਖਿਆ ਸਕੱਤਰ ਤੇ ਵਿਭਾਗ ਦੇ ਡਾਇਰੈਕਟਰ ਨੂੰ ਅਜਿਹੇ ਪ੍ਰਿੰਸੀਪਲ ਦਾ ਤੁਰਤ ਤਬਾਦਲਾ ਕਰਕੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਚ ਕੋਈ ਵੀ ਪ੍ਰਿੰਸੀਪਲ ਤੇ ਅਧਿਆਪਕ ਅਜਿਹੀਆਂ ਗਤੀਵਿਧੀਆਂ ਨਾ ਕਰੇ।ਅਧਿਆਪਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕੇ ਉਹ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ ਕਰਨ । ਇਹੀ ਸਮਾਜ ਤੇ ਵਿਦਿਆਰਥੀਆਂ ਦੇ ਹਿੱਤ ਚ ਹੋਵੇਗਾ।
——
ਅਜੀਤ ਖੰਨਾ
ਮੋਬਾਈਲ : 76967-54669














