ਸਹਿਜਤਾ ਨਾਲ ਸਿਆਸੀ ਪੌੜੀਆਂ ਚੜ੍ਹਦਾ ਨੌਜਵਾਨ -ਹਰਜਿੰਦਰ ਸਿੰਘ ਇਕੋਲਾਹਾ
* ਅੱਤ ਗਰੀਬ ਪਰਵਾਰ ਚੋ ਉੱਠ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਨਾਮੀ ਪਰਵਾਰ ਨਾਲ ਜੁੜਿਆ
ਬੇਸ਼ੱਕ ਅੱਜ ਕੱਲ੍ਹ ਸਿਆਸਤ ਗਰੀਬਾਂ ਦੇ ਵੱਸ ਦੀ ਗੱਲ ਨਹੀਂ ਮੰਨੀ ਜਾਂਦੀ ਫੇਰ ਵੀ ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਇਕ ਅੱਤ ਗਰੀਬ ਪਰਵਾਰ ਚ ਪੈਦਾ ਹੋਇਆ ਨੌਜਵਾਨ ਸਹਿਜਤਾ ਨਾਲ ਸਿਆਸਤ ਚ ਵਿਚਰਦਿਆਂ ਪੌੜੀ ਦਰ ਪੌੜੀ ਉਤਲੇ ਡੰਡੇ ਵੱਲ ਵਧਦਾ ਨਜ਼ਰ ਆਉਂਦਾ ਹੈ।ਉਸ ਦੀ ਹਿੰਮਤ ਦਲੇਰੀ ਤੇ ਕਰੜੀ ਮਿਹਨਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਉਹ ਤਾਜ਼ਾ ਬਲਾਕ ਸੰਮਤੀ ਚੋਣਾਂ ਚ ਇਕ ਵਾਰ ਮੁੜ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਹੈ। ਜਿਸ ਤੋਂ ਇਲਾਕੇ ਚ ਉਸਦੀ ਪੈਂਹਠ ਸਾਫ਼ ਨਜ਼ਰ ਆਉਂਦੀ ਹੈ।ਉਸਦੀ ਇਸ ਪੈਂਹਠ ਪਿੱਛੇ ਉਸਦਾ ਹਲੀਮੀ ਭਰਿਆ ਸੁਭਾਅ, ਕਰੜੀ ਮਿਹਨਤ ,ਲੋਕਾਂ ਤੇ ਪਾਰਟੀ ਪ੍ਰਤੀ ਵਫ਼ਾਦਾਰੀ ਸਪੱਸ਼ਟ ਵਿਖਾਈ ਦਿੰਦੀ ਹੈ।
ਕਿਸੇ ਨੂੰ ਅੱਜ ਕੱਲ੍ਹ ਕੋਈ ਨਿੱਕਾ ਜਿਹਾ ਅਹੁਦਾ ਮਿਲ ਜਾਵੇ ਉਹ ਗੱਡੀ ਤੋਂ ਪੈਰ ਥੱਲੇ ਨਹੀਂ ਲਾਹੁੰਦਾ।ਪਰ ਹਰਜਿੰਦਰ ਸਿੰਘ ਇਕੋਲਾਹਾ ਉਹ ਸਾਦ ਮੁਰਾਦਾ ਨੌਜਵਾਨ ਹੈ ਜੋ ਮਿਹਨਤ ਚ ਅਟੁੱਟ ਵਿਸ਼ਵਾਸ਼ ਰੱਖ ਕੇ ਆਪਣੀ ਮੰਜ਼ਲ ਵੱਲ ਅੱਗੇ ਵਧਦਾ ਹੈ ਤੇ ਉਸ ਨੂੰ ਨੂੰ ਫ਼ਤਿਹ ਕਰਦਾ ਹੈ।ਨਾ ਘੁਮੰਡ,ਨਾ ਆਕੜ,ਬੱਸ ! ਮੱਛੀ ਦੀ ਅੱਖ ਵਾਂਗ ਸਿੱਧਾ ਨਿਸ਼ਾਨਾ ਆਪਣੀ ਮੰਜ਼ਲ ਵੱਲ।ਮੇਰੇ ਉਸ ਨਾਲ ਪਿਛਲੇ ਲੰਬੇ ਸਮੇਂ ਤੋਂ ਵਾਹ ਵਾਸਤਾ ਚਲਿਆ ਆਉਂਦਾ ਹੈ।ਉਸਦੀ ਖ਼ਾਸੀਅਤ ਇਹ ਹੈ ਕੇ ਉਹ ਹਰ ਕੰਮ ਤੇ ਮੁਸ਼ਕਲ ਨੂੰ ਬੜੇ ਸੁਚੱਜੇ ਤਰੀਕੇ ਨਾਲ ਨਜਿੱਠਣ ਦੀ ਤਾਕਤ ਤੇ ਸਮਰੱਥਾ ਰੱਖਦਾ ਹੈ।ਪੇਂਡੂ ਇਲਾਕੇ ਚ ਜੰਮਿਆ ਪਲਿਆ ਹੋਣ ਕਰਕੇ ਉਸ ਉੱਤੇ ਸ਼ਹਿਰ ਦੀ ਉੱਕਾ ਪਾਹ ਨਹੀਂ ਚੜ੍ਹੀ, ਉਹ ਪਿਉਰ ਪੇਂਡੂ ਸੁਭਾਅ ਵਾਲਾ ਉਹ ਨੌਜਵਾਨ ਹੈ,ਜਿਸ ਨੂੰ ਕੋਈ ਘੁਮੰਡ ਨਹੀਂ ,ਬੱਸ !ਜੇ ਮਾਣ ਹੈ ਤਾਂ ਆਪਣੀ ਮਿਹਨਤ ਉੱਤੇ ਜਾਂ ਆਪਣੇ ਸਿਆਸੀ ਗੁਰੂ ਸਰਦਾਰ ਗੁਰਕੀਰਤ ਸਿੰਘ ਕੋਟਲੀ ਉੱਤੇ। ਜੋ ਹਮੇਸ਼ਾ ਚਟਾਨ ਵਾਂਗ ਉਸਦੀ ਪਿੱਠ ਉੱਤੇ ਖਲੋਤੇ ਹਨ ।
ਜੇ ਇਸ ਨੌਜਵਾਨ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਸੰਨ 2004 ਚ ਪਹਿਲੀ ਵਾਰ ਪਿੰਡ ਇਕੋਲਾਹਾ ਦਾ ਪੰਚਾਇਤ ਮੈਂਬਰ ਚੁਣਿਆ ਗਿਆ ।ਉਸ ਮਗਰੋਂ ਉਹ ਬਲਾਕ ਸੰਮਤੀ ਮੈਂਬਰ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣਿਆ ਗਿਆ। ਉਹ ਸਿਆਸਤ ਦਾ ਕਾਗਜ਼ੀ ਸ਼ੇਰ ਨਹੀਂ,ਸਗੋਂ ਲੋਕਾਂ ਨਾਲ ਜੁੜਿਆ ਉਹ ਨੌਜਵਾਨ ਆਗੂ ਹੈ ਜੋ ਸਿਆਸੀ ਘੱਟ ਤੇ ਸਮਾਜ ਸੇਵੀ ਜ਼ਿਆਦਾ ਹੈ।ਇਲਾਕੇ ਦੇ ਲੋਕਾਂ ਦੇ ਕੰਮਾਂ ਨੂੰ ਉਹ ਨਿੱਜੀ ਕੰਮ ਸਮਝ ਕੇ ਖੁਦ ਸਵੇਰੇ ਹੀ ਮੋਟਰ ਸਾਈਕਲ ਤੇ ਚੜ੍ਹ ਤੁਹਾਨੂੰ ਸਰਕਾਰੀ ਦਫ਼ਤਰਾਂ ਚ ਲੋਕਾਂ ਦੇ ਕੰਮ ਕਰਵਾਉਂਦਾ ਨਜ਼ਰੀ ਪਵੇਗਾ। ਉਸਦਾ ਮਕਸਦ ਸਿਆਸਤ ਨਹੀਂ ਸਗੋਂ ਗਰੀਬਾਂ ਦੀ ਦਿਲੋਂ ਸੇਵਾ ਕਰਨਾ ਹੈ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਪਰਵਾਰ ਨਾਲ ਜੁੜ ਕੇ ਉਹ ਸਾਬਕਾ ਕੈਬਨਿਟ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਦੀ ਰਹਿਨੁਮਾਈ ਥੱਲੇ ਕਾਂਗਰਸ ਪਾਰਟੀ ਦਾ ਜੁਝਾਰੂ ਬਣ ਪਾਰਟੀ ਨੂੰ ਮਜ਼ਬੂਤ ਕਰਨ ਚ ਦਿਨ ਰਾਤ ਜੁਟਿਆ ਹੋਇਆ ਹੈ।ਉਸਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ ਸਰਦਾਰ ਗੁਰਕੀਰਤ ਸਿੰਘ ਵੱਲੋਂ ਉਸ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਬਲਾਕ ਖੰਨਾ (ਦਿਹਾਤੀ) ਦੇ ਪ੍ਰਧਾਨ ਦੀ ਕਮਾਂਡ ਸੰਭਾਲੀ ਹੋਈ ਹੈ। ਬਲਾਕ ਸੰਮਤੀ ਚ ਆਪਣੀ ਜਿੱਤ ਨੂੰ ਉਹ ਲੋਕਾਂ ਦੀ ਜਿੱਤ ਦੱਸਦਾ ਹੈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੋਇਆ ਕਹਿੰਦਾ ਹੈ ਕਿ ਪਰਮਾਤਮਾ ਮੇਰੇ ਇਲਾਕੇ ਦੇ ਲੋਕਾਂ ਉੱਤੇ ਸਦਾ ਮੇਹਰ ਭਰਿਆ ਹੱਥ ਰੱਖੇ,ਉਨਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਮੈਂ ਉਨਾਂ ਦੇ ਕੰਮਾਂ ਚ ਜੁਟਿਆ ਰਹਾਂ ।ਗੱਲਬਾਤ ਕਰਦੇ ਹੋਏ ਉਹ ਹਮੇਸ਼ਾ ਕਹਿੰਦਾ ਹੈ ਕਿ ਉਸਦਾ ਮਕਸਦ ਸਿਆਸਤ ਨਹੀਂ ਸਗੋ ਸਮਾਜ ਸੇਵਾ ਕਰਨੀ ਹੈ ਤੇ ਉਹ ਕੋਟਲੀ ਪਰਵਾਰ ਤੇ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ। ਉਹ ਇਹ ਵੀ ਕਹਿੰਦਾ ਹੈ ਕਿ ਚੋਣਾਂ ਚ ਜਿੱਤ ਹਾਰ ਕੋਈ ਵੱਡੇ ਮਾਇਨੇ ਨਹੀਂ ਰੱਖਦੀ ਸਗੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ ਤੇ ਤੁਸੀਂ ਕਿੰਨੇ ਲੋਕਾਂ ਦੀ ਸੇਵਾ ਕਰਦੇ ਹੋ। ਇਸ ਤਰਾਂ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਦਾ ਇਹ ਸ਼ੇਅਰ ਨਾਲ ਹਰਜਿੰਦਰ ਸਿੰਘ ਇਕੋਲਾਹਾ ਉੱਤੇ ਬਿਲਕੁਲ ਇੰਨ ਬਿੰਨ ਢੁੱਕਦਾ ਹੈ :
ਬੇ ਹਿੰਮਤ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ,ਪਾੜ ਕੇ ਸੀਨਾ ਪੱਥਰਾਂ ਦਾ
ਮੰਜ਼ਲ ਦੇ ਮੱਥੇ ਉੱਤੇ ਤਖ਼ਤੀ ਲੱਗਦੀ ਉਨਾਂ ਦੇ
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ
ਅਜੀਤ ਖੰਨਾ













