ਮਾਈ ਭਾਗੋ ਦੀਆਂ ਵਾਰਸ, ਮੁੱਲ 1000 ਰੁਪਏ…!
——————————————–
ਸਾਡੇ ਪੰਜਾਬ ਦੀ ਮਿੱਟੀ ਵਿੱਚ ਔਰਤਾਂ ਦੀ ਵੀਰਤਾ ਅਤੇ ਸਮਰਪਣ ਦੀ ਇੱਕ ਲੰਮੀ ਪਰੰਪਰਾ ਹੈ, ਜੋ ਮਾਈ ਭਾਗੋ ਵਰਗੀਆਂ ਮਹਾਨ ਵੀਰੰਗਨਾਵਾਂ ਨਾਲ ਜੁੜੀ ਹੋਈ ਹੈ। ਮਾਈ ਭਾਗੋ, ਜਿਨ੍ਹਾਂ ਨੇ 1705 ਵਿੱਚ ਮੁਕਤਸਰ ਦੀ ਜੰਗ ਵਿੱਚ ਆਪਣੀ ਬਹਾਦਰੀ ਨਾਲ ਸਿੱਖ ਫੌਜਾਂ ਨੂੰ ਏਕਜੁੱਟ ਕੀਤਾ ਅਤੇ ਮੁਗਲਾਂ ਨੂੰ ਰੋਕ ਕੇ ਇਤਿਹਾਸ ਰਚਿਆ, ਉਹ ਨਾ ਸਿਰਫ਼ ਇੱਕ ਜਰਨੈਲ ਸਨ ਬਲਕਿ ਪੰਜਾਬੀ ਔਰਤਾਂ ਦੀ ਹਿੰਮਤ ਅਤੇ ਆਤਮ ਸਨਮਾਨ ਦੀ ਪ੍ਰਤੀਕ ਵੀ ਹਨ। ਅੱਜ ਦੇ ਯੁੱਗ ਵਿੱਚ ਵੀ ਇਹ ਔਰਤਾਂ, ਜਿਨ੍ਹਾਂ ਨੂੰ ਅਸੀਂ ਮਾਈ ਭਾਗੋ ਦੀਆਂ ਵਾਰਸ ਕਹਿੰਦੇ ਹਾਂ, ਆਪਣੀ ਮਿਹਨਤ ਅਤੇ ਲਗਨ ਨਾਲ ਸਮਾਜ ਵਿੱਚ ਉੱਚਾ ਮੁਕਾਮ ਹਾਸਿਲ ਕਰ ਰਹੀਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਰਾਜਨੀਤਿਕ ਖੇਡਾਂ ਵਿੱਚ ਇਨ੍ਹਾਂ ਔਰਤਾਂ ਨੂੰ ਅਸਿੱਧੇ ਢੰਗ ਨਾਲ ਜਲੀਲ ਕਰਨ ਦੀਆਂ ਕੋਸ਼ਿਸ਼ਾਂ ਵਧੀਆਂ ਹਨ। ਇਸ ਲੇਖ ਵਿੱਚ ਅਸੀਂ ਚਰਚਾ ਕਰਾਂਗੇ ਕਿ ਕਿਵੇਂ ਇੱਕ ਰਾਜਨੀਤਿਕ ਸੰਗਠਨ ਨੇ ਝੂਠ ਅਤੇ ਲਾਲਚ ਦੇ ਆਧਾਰ ਤੇ ਸਤ੍ਹਾ ਹਾਸਿਲ ਕਰ ਕੇ ਪੰਜਾਬ ਦੀਆਂ ਔਰਤਾਂ ਨੂੰ ਮਹਿਜ਼ 1000 ਰੁਪਏ ਦੇ ਮੁੱਲ ਵਾਲੀ ਵਸਤੂ ਸਮਝ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ। ਇਹ ਕਹਾਣੀ 2022 ਤੋਂ ਸ਼ੁਰੂ ਹੁੰਦੀ ਹੈ, ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚੋਣਾਂ ਜਿੱਤ ਕੇ ਸਤ੍ਹਾ ਹਾਸਿਲ ਕੀਤੀ।
ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਆਮ ਆਦਮੀ ਨੂੰ ਆਧਾਰ ਬਣਾ ਕੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਇਨ੍ਹਾਂ ਵਿੱਚੋਂ ਇੱਕ ਵਾਅਦਾ ਔਰਤਾਂ ਨਾਲ ਸੰਬੰਧਿਤ, ਹਰ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਸੀ। ਇਹ ਵਾਅਦਾ ਚੋਣਾਂ ਜਿੱਤਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਵਾਰ-ਵਾਰ ਦੁਹਰਾਇਆ ਗਿਆ ।ਉਨ੍ਹਾਂ ਨੇ ਕਿਹਾ ਕਿ ਸਤ੍ਹਾ ਵਿੱਚ ਆਉਣ ਸਾਰ ਹੀ ਇਹ ਰਕਮ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਪਰ ਇਸ ਵਾਅਦੇ ਪਿੱਛੇ ਇੱਕ ਘਟੀਆ ਸੋਚ ਲੁਕੀ ਹੋਈ ਸੀ, ਜੋ ਪੰਜਾਬੀ ਔਰਤਾਂ ਨੂੰ ਮਹਿਜ਼ ਇੱਕ ਵੋਟ ਬੈਂਕ ਵਜੋਂ ਵੇਖਦੀ ਸੀ ਅਤੇ ਉਨ੍ਹਾਂ ਨੂੰ ਲਾਲਚ ਨਾਲ ਖਰੀਦਣ ਦੀ ਕੋਸ਼ਿਸ਼ ਕਰ ਰਹੀ ਸੀ। ਪੰਜਾਬ ਦੇ ਲੋਕਾਂ ਨੂੰ ਉਸ ਵੇਲੇ ਹੀ ਸਤਰਕ ਹੋ ਜਾਣਾ ਚਾਹੀਦਾ ਸੀ, ਕਿਉਂਕਿ ਸਾਡਾ ਸੂਬਾ ਦਲੇਰਾਂ ਅਤੇ ਸੂਰਵੀਰਾਂ ਦੀ ਧਰਤੀ ਹੈ। ਇੱਥੇ ਔਰਤਾਂ ਨੇ ਹਮੇਸ਼ਾ ਆਪਣੀ ਹਿੰਮਤ ਨਾਲ ਸਮਾਜ ਨੂੰ ਅੱਗੇ ਵਧਾਇਆ ਹੈ,ਨਾ ਕਿ ਕਿਸੇ ਲਾਲਚ ਨਾਲ। ਪਰ ਅਵੇਸਲੇਪਣ ਵਿੱਚ ਲੋਕਾਂ ਨੇ ਇਸ ਸੰਗਠਨ ਨੂੰ ਸਤ੍ਹਾ ਵਿੱਚ ਬੈਠਣ ਦਾ ਮੌਕਾ ਦੇ ਦਿੱਤਾ।
ਮਾਈ ਭਾਗੋ ਦੀ ਜ਼ਿੰਦਗੀ ਤੋਂ ਸੇਧ ਲੈ ਕੇ ਪੰਜਾਬ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਨੇ ਆਪਣੀ ਮਿਹਨਤ ਨਾਲ ਉੱਚ ਮੁਕਾਮ ਹਾਸਿਲ ਕੀਤਾ ਹੈ। ਉਦਾਹਰਨ ਵਜੋਂ, 18ਵੀਂ ਸਦੀ ਦੀ ਸਦਾ ਕੌਰ, ਜਿਨ੍ਹਾਂ ਨੇ ਕਨ੍ਹਈਆ ਮਿਸਲ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਪੰਜਾਬ ਨੂੰ ਇੱਕਜੁੱਟ ਕੀਤਾ। ਉਨ੍ਹਾਂ ਦੀ ਰਣਨੀਤੀ ਅਤੇ ਬਹਾਦਰੀ ਨੇ ਔਰਤਾਂ ਲਈ ਰਾਜਨੀਤਿਕ ਅਤੇ ਫੌਜੀ ਖੇਤਰ ਵਿੱਚ ਨਵੇਂ ਰਾਹ ਖੋਲ੍ਹੇ। ਫਿਰ ਬੀਬੀ ਸਾਹਿਬ ਕੌਰ, ਜਿਨ੍ਹਾਂ ਨੇ ਪਟਿਆਲਾ ਰਾਜ ਨੂੰ ਬਚਾਉਣ ਲਈ ਤਲਵਾਰ ਫੜੀ ਅਤੇ ਮਿਸਲਾਂ ਨੂੰ ਮਜ਼ਬੂਤ ਕੀਤਾ। ਮਹਾਰਾਣੀ ਜਿੰਦ ਕੌਰ ਨੇ ਅੰਗਰੇਜ਼ਾਂ ਵਿਰੁੱਧ ਸਿੱਖ ਸਾਮਰਾਜ ਦੀ ਰਾਖੀ ਕੀਤੀ ਅਤੇ ਆਪਣੇ ਪੁੱਤਰ ਦਲੀਪ ਸਿੰਘ ਲਈ ਲੜਾਈ ਲੜੀ, ਜੋ ਔਰਤਾਂ ਦੀ ਰਾਜਨੀਤਿਕ ਸੂਝ-ਬੂਝ ਨੂੰ ਦਰਸਾਉਂਦੀ ਹੈ। 20ਵੀਂ ਸਦੀ ਵਿੱਚ ਗੁਲਾਬ ਕੌਰ ਨੇ ਗਦਰ ਪਾਰਟੀ ਵਿੱਚ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਅਤੇ ਵਿਦੇਸ਼ਾਂ ਵਿੱਚ ਆਜ਼ਾਦੀ ਦਾ ਪ੍ਰਚਾਰ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਅਤੇ ਵਿਸ਼ਵ ਪੱਧਰ ਤੇ ਨਾਮ ਕਮਾਇਆ। ਕਲਪਨਾ ਚਾਵਲਾ,ਕਰਨਾਲ ਵਿੱਚ ਜੰਮੀ, ਨਾਸਾ ਵਿੱਚ ਪਹਿਲੀ ਭਾਰਤੀ ਮੂਲ ਦੀ ਮਹਿਲਾ ਅੰਤਰਿਕਸ਼ ਯਾਤਰੀ ਬਣੀ ਅਤੇ ਕਿਰਨ ਬੇਦੀ, ਅੰਮ੍ਰਿਤਸਰ ਦੀ ਧੀ, ਭਾਰਤ ਦੀ ਪਹਿਲੀ ਆਈਪੀਐੱਸ ਅਫਸਰ ਬਣ ਕੇ ਪੁਲਿਸ ਸੁਧਾਰਾਂ ਵਿੱਚ ਯੋਗਦਾਨ ਪਾਇਆ। ਇਹ ਔਰਤਾਂ ਮਾਈ ਭਾਗੋ ਦੀ ਵਿਰਾਸਤ ਨੂੰ ਅੱਗੇ ਵਧਾ ਰਹੀਆਂ ਹਨ ਅਤੇ ਸਾਬਤ ਕਰ ਰਹੀਆਂ ਹਨ ਕਿ ਪੰਜਾਬੀ ਔਰਤਾਂ ਦਾ ਮੁੱਲ ਕੋਈ ਰਕਮ ਨਹੀਂ ਲਾ ਸਕਦੀ।
ਪਰ ਆਮ ਆਦਮੀ ਪਾਰਟੀ ਦੀ ਸੋਚ ਨੇ ਇਨ੍ਹਾਂ ਮਹਾਨ ਵਾਰਸਾਂ ਨੂੰ ਮਹਿਜ਼ 1000 ਰੁਪਏ ਪ੍ਰਤੀ ਮਹੀਨਾ ਨਾਲ ਮਾਪ ਕੇ ਇੱਕ ਘਟੀਆ ਮਜ਼ਾਕ ਕੀਤਾ ਹੈ। ਇਹ ਵਾਅਦਾ ਨਾ ਸਿਰਫ਼ ਝੂਠਾ ਸਾਬਤ ਹੋਇਆ ਬਲਕਿ ਔਰਤਾਂ ਨੂੰ ਅਸਿੱਧੇ ਢੰਗ ਨਾਲ ਜਲੀਲ ਕਰਨ ਵਾਲਾ ਵੀ ਹੈ। ਕਿਉਂਕਿ ਇਹ ਸੰਕੇਤ ਦਿੰਦਾ ਹੈ ਕਿ ਔਰਤਾਂ ਨੂੰ ਲਾਲਚ ਨਾਲ ਖਰੀਦਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਕੀਮਤ ਇੱਕ ਛੋਟੀ ਰਕਮ ਨਾਲ ਤੈਅ ਕੀਤੀ ਜਾ ਸਕਦੀ ਹੈ। ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਨੇ ਵੱਖ-ਵੱਖ ਅੰਦੋਲਨਾਂ ਵਿੱਚ ਜਬਰ ਦਾ ਵਿਰੋਧ ਕੀਤਾ ਹੈ, ਚਾਹੇ ਉਹ ਕਿਸਾਨ ਅੰਦੋਲਨ ਹੋਵੇ ਜਾਂ ਆਜ਼ਾਦੀ ਦੀ ਲੜਾਈ ਹੋਵੇ। ਉਹ ਮਾਈ ਭਾਗੋ ਵਰਗੀਆਂ ਹਨ, ਜਿਨ੍ਹਾਂ ਨੇ ਤਲਵਾਰ ਫੜ ਕੇ ਲੜਾਈ ਲੜੀ। ਅਜਿਹੀਆਂ ਔਰਤਾਂ ਨੂੰ 1000 ਰੁਪਏ ਨਾਲ ਮਾਪਣਾ ਇੱਕ ਲਾਹਣਤ ਵਾਲੀ ਗੱਲ ਹੈ। ਇਸ ਤੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇੱਕ ਸੰਗਠਨ, ਜਿਸਦੀ ਬੁਨਿਆਦ ਝੂਠ ਤੇ ਰੱਖੀ ਗਈ ਹੈ, ਨੂੰ ਪੰਜਾਬ ਵਿੱਚ ਸਥਾਪਿਤ ਹੋਣ ਦਾ ਮੌਕਾ ਮਿਲੇ ਅਤੇ ਉਹ ਔਰਤਾਂ ਨੂੰ ਇਸ ਤਰ੍ਹਾਂ ਨੀਵਾਂ ਵਿਖਾਏ ?ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਧਾਰਮਿਕ ਅਤੇ ਸਮਾਜਿਕ ਸੰਗਠਨ ਕਿੱਥੇ ਸੁੱਤੇ ਪਏ ਸਨ? ਜੋ ਆਪਣੇ ਆਪ ਨੂੰ ਸੂਬੇ ਅਤੇ ਸਮਾਜ ਦੇ ਰਾਖੇ ਮੰਨਦੇ ਹਨ, ਉਹ ਕਿਉਂ ਚੁੱਪ ਰਹੇ ਜਦੋਂ 1000 ਰੁਪਏ ਮੁੱਲ ਲਾ ਕੇ ਔਰਤਾਂ ਨੂੰ ਇਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਸੀ? ਪੰਜਾਬੀ ਸਮਾਜ ਵਿੱਚ ਔਰਤਾਂ ਨੂੰ ਹਮੇਸ਼ਾ ਇੱਜ਼ਤ ਨਾਲ ਵੇਖਿਆ ਜਾਂਦਾ ਹੈ, ਪਰ ਰਾਜਨੀਤਿਕ ਲਾਲਚ ਨੇ ਲੋਕਾਂ ਨੂੰ ਅੰਨ੍ਹਾ ਬਣਾ ਦਿੱਤਾ। ਇਹ ਵਾਅਦਾ ਗਜਨੀ ਦੇ ਬਾਜ਼ਾਰ ਵਰਗਾ ਸੀ, ਜਿੱਥੇ ਔਰਤਾਂ ਨੂੰ ਵਸਤੂ ਵਾਂਗ ਵੇਚਿਆ ਜਾਂਦਾ ਸੀ। ਇਤਿਹਾਸ ਵਿੱਚ ਸਾਡੇ ਯੋਧੇ ਗਜਨੀ ਵਿੱਚੋਂ ਔਰਤਾਂ ਨੂੰ ਬਚਾਉਂਦੇ ਸਨ, ਪਰ ਅੱਜ ਉਹੀ ਲੋਕ ਚੁੱਪ ਹਨ ।ਜਦੋਂ ਰਾਜਨੀਤਿਕ ਦੇ ਗਜਨੀ ਬਾਜ਼ਾਰ ਵਿੱਚ ਔਰਤਾਂ ਨੂੰ 1000 ਰੁਪਏ ਨਾਲ ਮਾਪਿਆ ਜਾ ਰਿਹਾ ਹੈ। ਇਸ ਲਾਲਚ ਨੇ ਨਾ ਸਿਰਫ਼ ਔਰਤਾਂ ਦੀ ਛਵੀ ਨੂੰ ਦਾਗਦਾਰ ਕੀਤਾ ਬਲਕਿ ਪੂਰੇ ਸਮਾਜ ਨੂੰ ਨੈਤਿਕ ਤੌਰ ਤੇ ਕਮਜ਼ੋਰ ਬਣਾ ਦਿੱਤਾ ਹੈ।
ਅੱਜ 2025 ਵਿੱਚ ਵੀ ਇਹ ਵਾਅਦਾ ਅਜੇ ਪੂਰਾ ਨਹੀਂ ਹੋਇਆ ਹੈ। ਆਪਣੀ ਚਾਰ ਸਾਲਾਂ ਦੀ ਸਤ੍ਹਾ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਔਰਤਾਂ ਨੂੰ ਇਹ ਰਕਮ ਨਹੀਂ ਦਿੱਤੀ। ਮਾਰਚ 2025 ਵਿੱਚ ਪੇਸ਼ ਕੀਤੇ ਬਜਟ ਵਿੱਚ ਇਸ ਵਾਅਦੇ ਦਾ ਜ਼ਿਕਰ ਤੱਕ ਨਹੀਂ ਸੀ, ਜਿਸ ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ। ਹਾਲਾਂਕਿ ਨਵੰਬਰ 2025 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਲੇ ਬਜਟ ਵਿੱਚ ਇਹ ਰਕਮ ਦਿੱਤੀ ਜਾਵੇਗੀ।ਪਰ ਇਹ ਵੀ ਇੱਕ ਝੂਠਾ ਵਾਅਦਾ ਲੱਗ ਰਿਹਾ ਹੈ। ਸਤੰਬਰ 2025 ਵਿੱਚ ਉਨ੍ਹਾਂ ਨੇ 1100 ਰੁਪਏ ਦੇਣ ਦੀ ਗੱਲ ਕਹੀ ਅਤੇ ਕਿਹਾ ਕਿ 2026 ਤੋਂ ਲਾਗੂ ਹੋਵੇਗੀ।ਪਰ ਇਹ ਸਭ 2027 ਦੀਆਂ ਚੋਣਾਂ ਨੇੜੇ ਆਉਣ ਕਰਕੇ ਕੀਤਾ ਜਾ ਰਿਹਾ ਹੈ। ਇਹ ਸਰਕਾਰ ਆਪਣੇ ਕਾਰਜਕਾਲ ਦੇ ਅੰਤ ਵਿੱਚ ਇਸ ਰਕਮ ਨੂੰ ਦੇ ਕੇ ਔਰਤਾਂ ਨੂੰ ਜਲੀਲ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ,ਜੇਕਰ ਲੋਕ ਅਜੇ ਵੀ ਲਾਲਚ ਵਿੱਚ ਫਸੇ ਰਹੇ।ਅਸੀਂ ਆਪਣੇ ਅਸਲੀ ਨੈਤਿਕ ਮੁੱਲਾਂ ਅਤੇ ਸੱਭਿਆਚਾਰ ਨੂੰ ਭੁੱਲ ਕੇ ਲਾਲਚ ਦੀ ਬੇੜੀ ਵਿੱਚ ਜਕੜ ਚੁੱਕੇ ਹਾਂ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਪੂਰਾ ਪੰਜਾਬ,ਖਾਸ ਕਰ ਕੇ ਮਾਈ ਭਾਗੋ ਦੀਆਂ ਵਾਰਸਾਂ, ਇਸ ਸਰਕਾਰ ਨੂੰ ਉਨ੍ਹਾਂ ਦੀ ਅਸਲੀ ਔਕਾਤ ਵਿਖਾਉਣ। ਜੇਕਰ ਆਉਣ ਵਾਲੇ ਸਮੇਂ ਵਿੱਚ ਇਹ ਰਕਮ ਦੇਣ ਦੀ ਘੋਸ਼ਣਾ ਵੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਮੁੱਢੋਂ ਨਕਾਰ ਕੇ ਮੌਜੂਦਾ ਸਰਕਾਰ ਨੂੰ ਸਤ੍ਹਾ ਤੋਂ ਲਾਂਭੇ ਕੀਤਾ ਜਾਵੇ। ਮਾਈ ਭਾਗੋ ਦੀਆਂ ਵਾਰਸਾਂ ਦਾ 1000 ਰੁਪਏ ਮੁੱਲ ਪਾਉਣ ਵਾਲੀ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਰਾਜਨੀਤੀ ਵਿੱਚ ਨਹੀਂ ਆਉਣ ਦੇਣਾ ਚਾਹੀਦਾ। ਕੇਵਲ ਤਾਂ ਹੀ ਅਸੀਂ ਮਾਈ ਭਾਗੋ ਵਰਗੀਆਂ ਵੀਰੰਗਨਾਵਾਂ ਦੀ ਵਿਰਾਸਤ ਨੂੰ ਸਨਮਾਨ ਨਾਲ ਜਿਉਂਦਾ ਰੱਖ ਸਕਾਂਗੇ ਅਤੇ ਔਰਤਾਂ ਨੂੰ ਉਨ੍ਹਾਂ ਦੀ ਅਸਲੀ ਇੱਜ਼ਤ ਦੇ ਸਕਾਂਗੇ। ਇਹ ਨਾ ਸਿਰਫ਼ ਔਰਤਾਂ ਦੇ ਹੱਕ ਵਿੱਚ ਹੋਵੇਗਾ ਬਲਕਿ ਪੂਰੇ ਪੰਜਾਬੀ ਸਮਾਜ ਦੀ ਨੈਤਿਕ ਮਜ਼ਬੂਤੀ ਲਈ ਵੀ ਜ਼ਰੂਰੀ ਹੈ। ਅਸੀਂ ਆਪਣੇ ਇਤਿਹਾਸ ਤੋਂ ਸਿੱਖ ਕੇ ਅੱਗੇ ਵਧੀਏ ਅਤੇ ਅਜਿਹੀਆਂ ਲਾਲਚੀ ਰਾਜਨੀਤਿਕ ਖੇਡਾਂ ਨੂੰ ਨਕਾਰੀਏ ਤਾਂ ਜੋ ਭਵਿੱਖ ਵਿੱਚ ਕੋਈ ਵੀ ਸੰਗਠਨ ਮਾਈ ਭਾਗੋ ਦੀਆਂ ਵਾਰਸਾਂ ਨੂੰ ਇਸ ਤਰ੍ਹਾਂ ਜਲੀਲ ਨਾ ਕਰ ਸਕੇ।
——
ਲੈਕਚਰਾਰ ਅਜੀਤ ਖੰਨਾ
( ਐਮਏ,ਐਮਫ਼ਿਲ,ਐਮਜੇਐੱਮਸੀ,ਬੀਐਡ)
ਮੋਬਾਈਲ :76967-54669












