ਐੱਸ.ਏ.ਐੱਸ ਨਗਰ 22 ਦਸੰਬਰ ,ਬੋਲੇ ਪੰਜਾਬ ਬਿਊਰੋ;
ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਾਰਜਕਾਰੀ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਮਾਨ ਅਤੇ ਸਮੂਚੀ ਕਮੇਟੀ ਵਲੋਂ ਨਿਊਜੀਲੈਂਡ ਵਿੱਖੇ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਕਮੇਟੀ ਵਲੋਂ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਟੜਪੰਥੀ ਤੇ ਨਫ਼ਰਤ ਤੱਤਾਂ ਦੀਆਂ ਸਰਗਰਮੀਆਂ ਤੋਂ ਰੋਕ ਲਗਾਉਣ ਮੰਗ ਕੀਤੀ ਗਈ ਹੈ। ਨਿਊਜ਼ਲੈਂਡ ਜੋ ਦੁਨੀਆ ਦੇ ਸਭ ਤੋਂ ਅਮਨ ਪਸੰਦ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਸ ਵਿੱਚ ਸਿੱਖ ਭਾਈਚਾਰੇ ਵਲੋਂ ਸ਼ਹੀਦੀ ਦਿਹਾੜਿਆਂ ਦੇ ਸੰਦਰਭ ਵਿੱਚ ਪੂਰੀ ਸ਼ਾਂਤੀ ਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਨੂੰ ਉੱਥੋਂ ਦਾ ਇੱਂਕ ਚਰਚਿਤ ਤੇ ਵਿਵਾਦਿਤ ਕਟੜਪੰਥੀ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ ਡੈਸਟਨੀ ਗਰੁੱਪ ਵਲੋਂ ਰੋਕਣ ਤੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਇਸ ਘਟਨਾ ਨੇ ਸਿੱਖ ਭਾਈਚਾਰੇ ਨੂੰ ਗਹਿਰੀ ਚਿੰਤਾ ਅਤੇ ਰੋਸ ਵਿਚ ਧਕ ਦਿੱਤਾ ਹੈ, ਜਦਕਿ ਖਾਸ ਤੌਰ ਤੇ ਇਸ ਸੰਵੇਦਨਸ਼ੀਲ ਮਾਹੌਲ ਚ ਪ੍ਰਦਰਸ਼ਨ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਪ੍ਰਹੇਜ਼ ਕੀਤਾ ਹੈ। ਜੱਥੇਦਾਰ ਮਨਜੀਤ ਸਿੰਘ ਮਾਨ ਨੇ ਕਿਹਾ ਕਿੇ ਇਹ ਘਟਨਾ ਸਿਰਫ਼ ਧਾਰਮਿਕ ਆਜ਼ਾਦੀ ਤੇ ਹੀ ਨਹੀਂ ਸਗੋਂ ਬਹੁ ਸੱਭਿਆਚਾਰਕ ਸਮਾਜਿਕ ਸਾਂਝ ਤੇ ਅੰਤਰਾਸ਼ਟਰੀ ਧਾਰਮਿਕ ਸਹਿਣਸ਼ੀਲਤਾ ਤੇ ਮੂਲ ਅਸੂਲਾਂ ਤੇ ਵੀ ਗੰਭੀਰ ਸਵਾਲ ਖੜੇ੍ਹ ਕਰਦੀ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਕੋਈ ਸ਼ਰਾਰਤੀ ਅੰਨਸਰ ਅਜਿਹਾ ਨਾ ਕਰ ਸਕੇ।












