ਖਡੂਰ ਸਾਹਿਬ, 23 ਦਸੰਬਰ, ਬੋਲੇ ਪੰਜਾਬ ਬਿਊਰੋ :
ਤਾਜ਼ਾ ਮਾਮਲਾ ਖਡੂਰ ਸਾਹਿਬ ਦਾ ਹੈ। 10 ਦਿਨ ਪਹਿਲਾਂ ਗੈਰ-ਕਾਨੂੰਨੀ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜਸਕਰਨ ਸਿੰਘ, ਹੱਥਕੜੀ ਸਣੇ ਪੁਲਿਸ ਤੋਂ ਬਚ ਕੇ ਨਿਕਲ ਗਿਆ ਸੀ। ਮੁਲਜ਼ਮ ਦੇ ਭੱਜਣ ਨਾਲ ਪੁਲਿਸ ਵਿਭਾਗ ਵਿੱਚ ਹਫੜਾ-ਦਫੜੀ ਮਚ ਗਈ ਹੈ। ਮੁਲਜ਼ਮ ਦੀ ਭਾਲ ਜਾਰੀ ਹੈ। ਇਸ ਮਾਮਲੇ ਵਿੱਚ ਹਰੀਕੇ ਪੱਤਣ ਪੁਲਿਸ ਸਟੇਸ਼ਨ ਵਿੱਚ ਏਐਸਆਈ ਸੁਖਵੰਤ ਸਿੰਘ, ਸਿਪਾਹੀ ਸਤਨਾਮ ਸਿੰਘ, ਮੁਲਜ਼ਮ ਦੇ ਪਿਤਾ ਸਤਨਾਮ ਸਿੰਘ ਅਤੇ ਦੋਸਤ ਹਰਮਨਦੀਪ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਕੋਟਦਾਤਾ ਦੇ ਵਸਨੀਕ ਜਸਕਰਨ ਸਿੰਘ ਨੂੰ ਹਰੀਕੇ ਪੁਲਿਸ ਨੇ 11 ਦਸੰਬਰ ਨੂੰ ਦੋ ਹੋਰ ਸਾਥੀਆਂ ਸਮੇਤ ਗੈਰ-ਕਾਨੂੰਨੀ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਇੱਕ ਬਾਈਕ ਸਵਾਰ ਤਿੰਨ ਵਿਅਕਤੀਆਂ ਤੋਂ ਇੱਕ .32 ਬੋਰ ਦਾ ਗੈਰ-ਕਾਨੂੰਨੀ ਪਿਸਤੌਲ, ਦੋ ਕਾਰਤੂਸ ਅਤੇ 11 ਖਾਲੀ ਖੋਲ ਬਰਾਮਦ ਕੀਤੇ ਗਏ ਸਨ। ਪੁਲਿਸ ਰਿਮਾਂਡ ‘ਤੇ ਆਏ ਜਸਕਰਨ ਸਿੰਘ ਨੇ ਕਈ ਅਪਰਾਧ ਕਰਨ ਦਾ ਇਕਬਾਲ ਕੀਤਾ। ਰਿਮਾਂਡ ਖਤਮ ਹੋਣ ‘ਤੇ ਅਦਾਲਤ ਨੇ ਉਸਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਡਿਊਟੀ ਅਫ਼ਸਰ ਏਐਸਆਈ ਸੁਖਵੰਤ ਸਿੰਘ ਅਤੇ ਕਾਂਸਟੇਬਲ ਸਤਨਾਮ ਸਿੰਘ ਉਸਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਛੱਡਣ ਗਏ ਸਨ ਪਰ ਵਾਪਸ ਨਹੀਂ ਆਏ। ਜਾਂਚ ਦੌਰਾਨ ਪਤਾ ਲੱਗਾ ਕਿ ਜਸਕਰਨ ਸਿੰਘ ਹੱਥਕੜੀ ਸਣੇ ਉਨ੍ਹਾਂ ਦੀ ਹਿਰਾਸਤ ਵਿੱਚੋਂ ਭੱਜ ਗਿਆ। ਵਿਭਾਗ ਨੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਜਸਕਰਨ ਸਿੰਘ ਦੇ ਪਿਤਾ ਗੁਰਨਾਮ ਸਿੰਘ ਨੇ ਉਸਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਹੱਥਕੜੀ ਸਣੇ ਭੱਜਣ ਵਾਲੇ ਜਸਕਰਨ ਸਿੰਘ ਨੂੰ ਉਸਦੇ ਦੋਸਤ ਹਰਮਨਦੀਪ ਸਿੰਘ ਨੇ ਬੁਰਜ ਦੇਵਾ ਸਿੰਘ ਸਥਿਤ ਉਸਦੇ ਘਰ ਵਿੱਚ ਪਨਾਹ ਦਿੱਤੀ ਸੀ। ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।












