ਅੰਮ੍ਰਿਤਸਰ 25 ਦਸੰਬਰ ,ਬੋਲੇ ਪੰਜਾਬ ਬਿਊਰੋ;
ਤਰਨਤਾਰਨ ਦੇ ਝਬਾਲ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਜਗਤਪੁਰਾ ਵਿੱਚ ਬੁੱਧਵਾਰ ਦੁਪਹਿਰ ਨੂੰ ਲਾਪਤਾ ਹੋਏ ਸੱਤ ਸਾਲਾ ਮਨਰਾਜ ਸਿੰਘ ਦੀ ਲਾਸ਼ ਮਿਲੀ ਹੈ ਜਾਣਕਾਰੀ ਅਨੁਸਾਰ ਬੱਚੇ ਦੀ ਲਾਸ਼ ਇੱਕ ਬੰਦ ਘਰ ਦੇ ਕਮਰੇ ਵਿੱਚੋਂ ਮਿਲੀ ਹੈ। ਇਸ ਘਟਨਾ ਨੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮਨਰਾਜ ਨਰਸਰੀ ਦਾ ਵਿਦਿਆਰਥੀ ਸੀ।
ਮ੍ਰਿਤਕ ਬੱਚੇ ਮਨਰਾਜ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੱਤ ਸਾਲ ਦਾ ਬੱਚਾ ਮਨਰਾਜ ਸਿੰਘ ਜੋ ਕਿ ਕੱਲ੍ਹ ਲਗਭਗ ਤਿੰਨ ਵਜੇ ਆਪਣੇ ਕੋਠੇ ‘ਤੇ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇ ਵਿੱਚੋਂ ਲੱਗਦੇ ਚਾਚੇ ਦਾ ਮੁੰਡਾ ਉਸ ਨੂੰ ਆਪਣੇ ਨਾਲ ਲੈ ਗਿਆ ਪ੍ਰੰਤੂ ਉਸ ਤੋਂ ਬਾਅਦ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ। ਜਦੋਂ ਮਨਰਾਜ ਸ਼ਾਮ ਤੱਕ ਘਰ ਨਹੀਂ ਪਰਤਿਆ, ਤਾਂ ਪਰਿਵਾਰ ਨੇ ਉਸਨੂੰ ਪੂਰੇ ਪਿੰਡ ਵਿੱਚ ਲੱਭਿਆ। ਇਸ ਦੌਰਾਨ ਮਨਰਾਜ ਦੀ ਲਾਸ਼ ਇੱਕ ਬੰਦ ਪਏ ਘਰ ਦੇ ਕਮਰੇ ‘ਚੋ ਫਰਸ਼ ‘ਤੇ ਪਈ ਮਿਲੀ।
ਇਸ ਤੋਂ ਬਾਅਦ ਝਬਾਲ ਪੁਲਿਸ ਸਟੇਸ਼ਨ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨਰਾਜ ਦੇ ਪਰਿਵਾਰਿਕ ਮੈਂਬਰਾਂ ਨੇ ਬੱਚੇ ਦੇ ਕਤਲ ਦਾ ਸ਼ੱਕ ਜਤਾਇਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।












