ਦਿੱਲੀ ਗੁਰਦੁਆਰਾ ਕਮੇਟੀ ਵਲੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

ਨੈਸ਼ਨਲ

ਨਵੀਂ ਦਿੱਲੀ, 26 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬੰਸਦਾਨੀ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਤੇ ਮੁੱਖ ਸਮਾਗਮ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਉਸਤਤ ਨੂੰ ਬਿਆਨ ਕਰਨ ਵਾਸਤੇ ਕੋਈ ਵੀ ਸ਼ਬਦ ਕਾਫੀ ਨਹੀਂ ਹਨ। ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਛੋਟੀ ਉਮਰ ਵਿਚ ਮੁਗਲ ਸਾਮਰਾਜ ਦੇ ਚੇਲੇ ਸਰਹਿੰਦ ਦੇ ਸ਼ਾਸਕ ਨੂੰ ਸਪਸ਼ਟ ਕਰ ਦਿੱਤਾ ਕਿ ਉਸਦੀ ਤਾਕਤ ਤੇ ਜ਼ਬਰ ਤੇ ਜ਼ੁਲਮ ਉਹਨਾਂ ਨੂੰ ਝੁਕਾ ਨਹੀਂ ਸਕਦੇ। ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਨਾਲ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ। ਉਹਨਾਂ ਕਿਹਾ ਕਿ ਇਹਨਾਂ ਸ਼ਹਾਦਤਾਂ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਮੁਗਲ ਸਾਮਰਾਜ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਲਿਖੇ ਜ਼ਫਰਨਾਮੇ ਨੂੰ ਪੜ੍ਹਨ ਤੋਂ ਤੁਰੰਤ ਬਾਅਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿਚ ਕੋਈ ਹੋਰ ਨਹੀਂ ਮਿਲਦੀ ਜਦੋਂ ਇੰਨੀ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੇ ਪੂਰਨ ਬਹਾਦਰੀ, ਦਲੇਰੀ ਤੇ ਦ੍ਰਿੜ੍ਹ ਹੌਂਸਲੇ ਨਾਲ ਮੁਗਲ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਹੀ ਨਹੀਂ ਕੀਤਾ ਬਲਕਿ ਵਾਰ-ਵਾਰ ਦੁਹਰਾਇਆ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਫਿਰ ਤੋਂ ਫੌਜ ਇਕੱਠੀ ਕਰਨਗੇ ਅਤੇ ਮੁਗਲ ਸਲਤਨਤ ਨੂੰ ਮਾਤ ਦੇਣਗੇ। ਉਹਨਾਂ ਕਿਹਾ ਕਿ ਸਿੱਖ ਕੌਮ ਦੁਨੀਆਂ ਵਿਚ ਇਕਲੌਤੀ ਕੌਮ ਹੈ ਜਿਸਨੂੰ ਇੰਨੀਆਂ ਸ਼ਹਾਦਤਾਂ ਦੀ ਬਦੌਲਤ ਆਪਣੀ ਹੋਂਦ ਮਿਲੀ ਹੈ। ਉਹਨਾਂ ਕਿਹਾ ਕਿ ਸ਼ਹਾਦਤਾਂ ਦੀ ਬਦੌਲਤ ਹੀ ਸਾਨੂੰ ਊੜਾ ਤੇ ਜੂੜਾ ਮਿਲਿਆ ਹੈ ਜਿਸਦੀ ਸੰਭਾਲ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਦਾ ਵਿਰਸਾ ਸੰਭਾਲ ਲਿਆ ਤੇ ਆਪਣੇ ਧਰਮ ਦਾ ਵਿਰਸਾ ਸੰਭਾਲ ਲਿਆ ਤਾਂ ਫਿਰ ਸਾਡੇ ਤੋਂ ਵੱਡੀ ਤਾਕਤ ਦੁਨੀਆਂ ਵਿਚ ਹੋਰ ਕੋਈ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਅੱਜ ਇਹ ਸਾਰੇ ਮਾਪਿਆਂ ਦੀ, ਸਾਡੇ ਅਧਿਆਪਕਾਂ ਦੀ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਵਿਚ ਉਪਰਾਲੇ ਕਰਨ ਅਤੇ ਉਹਨਾਂ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਹਨ। ਉਹਨਾਂ ਕਿਹਾ ਕਿ ਇਹਨਾਂ ਯਤਨਾਂ ਦੇ ਸਾਰਥਕ ਨਤੀਜੇ ਨਿਕਲ ਰਹੇ ਹਨ ਅਤੇ ਆਸ ਹੈ ਕਿ ਭਵਿੱਖ ਵਿਚ ਹੋਰ ਵੀ ਚੰਗੇ ਨਤੀਜੇ ਸਾਹਮਣੇ ਆਉਣਗੇ।
ਉਹਨਾਂ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਭਲਕੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਇਹਨਾਂ ਸਮਾਗਮਾਂ ਵਿਚ ਵੀ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।