ਨਵੀਂ ਦਿੱਲੀ 28 ਦਸੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਅਕਾਲ ਤਖਤ ਸਾਹਿਬ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਰੋਕਣ ਲਈ ਆਦੇਸ਼ ਜਾਰੀ ਕੀਤਾ ਸੀ ਪਰ ਕਮੇਟੀ ਵਲੋਂ ਆਦੇਸ਼ ਨਹੀਂ ਮਿਲੇ ਕਹਿ ਕੇ ਪ੍ਰਧਾਨ ਦੀ ਚੋਣ ਕਰਵਾਈ ਗਈ ਸੀ । ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਦੀ ਹੋਈ ਉਲੰਘਣਾ ਨੂੰ ਦੇਖਦਿਆਂ ਦਿੱਲੀ ਕਮੇਟੀ ਪ੍ਰਧਾਨ ਸਕੱਤਰ ਅਤੇ ਹੋਰ ਮੈਂਬਰਾਂ ਨੂੰ ਆਪਣਾ ਪੱਖ ਰੱਖਣ ਲਈ 5 ਜਨਵਰੀ 2026 ਨੂੰ ਅਕਾਲ ਤਖਤ ਸਾਹਿਬ ਸੱਦਿਆ ਹੈ । ਤਖਤ ਸਾਹਿਬ ਤੋਂ ਜਾਰੀ ਆਦੇਸ਼ ਵਿਚ ਉਨ੍ਹਾਂ ਲਿਖਿਆ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 25 ਅਕਤੂਬਰ 2025 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਇਕੱਤਰਤਾ ਪੱਤਰ ਨੰ: 8045/2-6 ਮਿਤੀ 17 ਅਕਤੂਬਰ 2025 ਰਾਹੀਂ ਬੁਲਾਈ ਗਈ ਸੀ। ਜਿਸ ‘ਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੱਤ੍ਰਿਕਾ ਨੰਬਰ ਅ:ਤ/25/386 ਮਿਤੀ 24 ਅਕਤੂਬਰ 2025 ਰਾਹੀਂ ਉਕਤ ਇਕੱਤਰਤਾ ਉੱਤੇ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਆਦੇਸ਼ ਕੀਤਾ ਗਿਆ ਸੀ। ਜਿਸ ਦੀ ਕਾਪੀ ਮਿਤੀ 25 ਅਕਤੂਬਰ 2025 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧਿਕਾਰਤ ਈ-ਮੇਲ ‘ਤੇ ਭੇਜੀ ਗਈ ਸੀ ਅਤੇ ਭਾਈ ਮਨਵੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਦਿੱਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰਾਹੀਂ ਸ. ਜਤਿੰਦਰ ਸਿੰਘ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਗੀ ਵਿਚ ਆਪ ਤੱਕ ਦਸਤੀ ਪੁੱਜਦਾ ਕੀਤੀ ਗਈ ਸੀ ਪਰੰਤੂ ਆਪ ਨੇ ਉਕਤ ਪੱਤ੍ਰਿਕਾ ਲੈਣ ਤੋਂ ਇਨਕਾਰ ਕਰ ਦਿੱਤਾ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਏ ਆਦੇਸ਼ਾਂ ਦੀ ਉਲੰਘਣਾ ਹੈ। ਇਸ ਦੇ ਮੱਦੇਨਜ਼ਰ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਆਪ ਨੂੰ ਮਿਤੀ 22 ਪੋਹ ਨਾਨਕਸ਼ਾਹੀ ਸੰਮਤ 557 ਮੁਤਾਬਿਕ 5 ਜਨਵਰੀ 2026 ਨੂੰ ਸਵੇਰੇ 10 ਵਜੇ ਨਿੱਜੀ ਰੂਪ ਵਿਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਪੱਖ ਰੱਖਣ ਦਾ ਆਦੇਸ਼ ਕੀਤਾ ਹੈ।












