ਬਠਿੰਡਾ 7 ਜਨਵਰੀ ,ਬੋਲੇ ਪੰਜਾਬ ਬਿਊਰੋ :
ਸੱਚ ਬੋਲਣ ਵਾਲੀ ਪੱਤਰਕਾਰਤਾ ਅਤੇ ਲੋਕਪੱਖੀ ਅਵਾਜ਼ਾਂ ਨੂੰ ਦਬਾਉਣ ਦੀ ਨੀਅਤ ਨਾਲ ਪੱਤਰਕਾਰ ਮਨਿੰਦਰਜੀਤ ਸਿੱਧੂ, ਮਿੰਟੂ ਗੁਰੂਸਰੀਆ, ਮਨਦੀਪ ਮੱਕੜ ਅਤੇ ਆਰ.ਟੀ.ਆਈ. ਐਕਟਿਵਿਸਟ ਮਾਨਿਕ ਗੋਇਲ ਸਮੇਤ 10 ਲੋਕਾਂ ਉੱਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਦੇ ਵਿਰੋਧ ਵਿੱਚ ਲੋਕਤੰਤਰਕ ਤਾਕਤਾਂ ਵੱਲੋਂ ਰੋਸ ਰੈਲੀ ਅਤੇ ਮੁਜਾਹਰੇ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਰਚਿਆਂ ਨੂੰ ਲੋਕਤੰਤਰਕ ਅਧਿਕਾਰਾਂ ਉੱਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਇਨ੍ਹਾਂ ਦੀ ਤੁਰੰਤ ਰੱਦਗੀ ਦੀ ਮੰਗ ਕੀਤੀ ਗਈ
ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਸੰਵਿਧਾਨ ਪ੍ਰਦੱਤ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਬਣੀ ਕੋਰ ਕਮੇਟੀ ਦੀ ਅਗਵਾਈ ਹੇਠ ਟੀਚਰਜ਼ ਹੋਮ, ਬਠਿੰਡਾ ਵਿਖੇ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਪੱਤਰਕਾਰ ਜਥੇਬੰਦੀਆਂ ਦੀ ਇਕ ਵਿਸ਼ਾਲ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਬੋਲਣ ਵਾਲਿਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੱਚ ਉਘਾਰਨ ਵਾਲੇ ਪੱਤਰਕਾਰਾਂ ਅਤੇ ਲੋਕਪੱਖੀ ਕਾਰਕੁਨਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨਾ ਇਕ ਬਹੁਤ ਹੀ ਖ਼ਤਰਨਾਕ ਰੁਝਾਨ ਹੈ, ਜੋ ਲੋਕਤੰਤਰ ਦੇ ਮੂਲ ਅਸੂਲਾਂ ਨੂੰ ਖੋਖਲਾ ਕਰਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਅੱਜ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕੱਲ੍ਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਸੰਘਰਸ਼ੀ ਲਹਿਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹਾਜ਼ਰ ਜਥੇਬੰਦੀਆਂ ਨੇ ਇਕਸੁਰ ਹੋ ਕੇ ਐਲਾਨ ਕੀਤਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਸੜਕਾਂ ‘ਤੇ ਉਤਰ ਕੇ ਮੋਹਤੋੜ ਜਵਾਬ ਦਿੱਤਾ ਜਾਵੇਗਾ ਅਤੇ ਇਹ ਮਸਲਾ ਕੇਵਲ ਕੁਝ ਵਿਅਕਤੀਆਂ ਦਾ ਨਹੀਂ, ਸਗੋਂ ਸਮੂਹ ਲੋਕਤੰਤਰਕ ਤਾਕਤਾਂ ਦਾ ਸਾਂਝਾ ਸੰਘਰਸ਼ ਹੈ।
ਮੀਟਿੰਗ ਵਿੱਚ ਸਹਿਮਤੀ ਨਾਲ ਇੱਕ ਵਿਸ਼ਾਲ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਹਰੇਕ ਜਨਤਕ ਜਥੇਬੰਦੀ ਵੱਲੋਂ ਇੱਕ-ਇੱਕ ਅਹੁਦੇਦਾਰ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਸੰਘਰਸ਼ ਨੂੰ ਸੁਚੱਜੇ ਅਤੇ ਸੰਗਠਿਤ ਢੰਗ ਨਾਲ ਰਾਜ ਪੱਧਰ ‘ਤੇ ਅੱਗੇ ਵਧਾਇਆ ਜਾ ਸਕੇ।
ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਕਦਮਬੰਦ ਤਰੀਕੇ ਨਾਲ ਵੱਡੇ ਲੋਕਪੱਖੀ ਐਕਸ਼ਨ ਕੀਤੇ ਜਾਣਗੇ। ਇਸ ਸੰਘਰਸ਼ ਦੀ ਸ਼ੁਰੂਆਤ ਮਾਲਵਾ ਖੇਤਰ ਤੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮਾਝਾ ਅਤੇ ਦੁਆਬਾ ਵਿੱਚ ਵੀ ਵਿਸ਼ਾਲ ਜਨਤਕ ਇਕੱਠ ਕਰਕੇ ਲੋਕਤੰਤਰਕ ਅਵਾਜ਼ਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਇਹ ਐਲਾਨ ਵੀ ਕੀਤਾ ਗਿਆ ਕਿ 24 ਜਨਵਰੀ 2026, ਦਿਨ ਸ਼ਨੀਵਾਰ, ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਝੂਠੇ ਪਰਚਿਆਂ ਦੇ ਵਿਰੋਧ ਅਤੇ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਵਿਸ਼ਾਲ ਰੋਸ ਰੈਲੀ ਅਤੇ ਮੁਜਾਹਰਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਨੌਜਵਾਨ ਭਾਰਤ ਸਭਾ, PSU ਲਲਕਾਰ, PSU ਸ਼ਹੀਦ ਰੰਧਾਵਾ, ਕ੍ਰਾਂਤੀਕਾਰੀ BKU, ਕੁੱਲ ਹਿੰਦ ਕਿਸਾਨ ਸਭਾ (ਪੰਜਾਬ), ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ (ਅਜ਼ਾਦ), ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਬੇਰੁਜ਼ਗਾਰ ਸਾਂਝਾ ਮੋਰਚਾ, DTF ਦਿਗਵਿਜੇ, ਟੈਕਨੀਕਲ ਸਰਵਿਸ ਯੂਨੀਅਨ, ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਅਧਿਆਪਕ ਦਲ, ਮੈਰਿਟੋਰੀਅਸ ਟੀਚਰ ਯੂਨੀਅਨ ਪੰਜਾਬ, ਪ੍ਰੋਫੈਸਰ ਲਾਇਬ੍ਰੇਰੀਅਨ ਫਰੰਟ, ਪੰਜਾਬ ਸਟੂਡੈਂਟ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਲੋਕ ਅਧਿਕਾਰ ਲਹਿਰ, ਪੰਜਾਬ ਰੋਡਵੇਜ਼ ਕੋਟਕਪੂਰਾ ਵਰਕਰ ਯੂਨੀਅਨ, ਮੈਡੀਕਲ PCMSRU, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ, ਪੰਜਾਬ ਗਵਰਨਮੈਂਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਪੱਤਰਕਾਰ ਏਕਤਾ ਫਰੰਟ, ਪੰਜਾਬ–ਚੰਡੀਗੜ੍ਹ ਪ੍ਰੈਸ ਯੂਨੀਅਨ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਪ੍ਰੈਸ ਕਲੱਬ ਮਾਨਸਾ, ਪ੍ਰੈਸ ਕਲੱਬ ਤਲਵੰਡੀ ਸਾਬੋ, ਭਾਰਤੀ ਸਾਹਿਤ ਅਕੈਡਮੀ , Indian Medical Association, ਵਪਾਰ ਮੰਡਲ, ਆੜਤੀਆ ਐਸੋਸੀਏਸ਼ਨ, ਪੰਜਾਬ ਕਿਸਾਨ ਯੂਨੀਅਨ, ਬ੍ਰਾਹਮਨ ਸਭਾ ਪੰਜਾਬ ਸਮੇਤ 100 ਤੋਂ ਵੱਧ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਕੋਰ ਕਮੇਟੀ ਦੀ ਅਗਵਾਈ ਹੇਠ 4 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ-17 ਵਿਖੇ ਪੱਤਰਕਾਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਤਿਹਾਸਕ ਪ੍ਰਦਰਸ਼ਨ ਇਸ ਲੋਕ ਅੰਦੋਲਨ ਦੀ ਮਜ਼ਬੂਤ ਸ਼ੁਰੂਆਤ ਸਾਬਤ ਹੋਇਆ ਹੈ।
ਕੋਰ ਕਮੇਟੀ ਨੇ ਸਮੂਹ ਪੰਜਾਬ ਦੀ ਜਨਤਾ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਲੋਕਤੰਤਰ, ਸੱਚੀ ਪੱਤਰਕਾਰਤਾ ਅਤੇ ਸੰਵਿਧਾਨੀ ਅਧਿਕਾਰਾਂ ਦੀ ਰਾਖੀ ਲਈ ਇਸ ਲੋਕ ਅੰਦੋਲਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।












