ਚੰਡੀਗੜ੍ਹ, 9 ਜਨਵਰੀ,ਬੋਲੇ ਪੰਜਾਬ ਬਿਊਰੋ;
ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਦਾ ਅਪਮਾਨ ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਆਮ ਆਦਮੀ ਪਾਰਟੀ ਦੇ ਸਿੱਖ ਧਰਮ ਪ੍ਰਤੀ ਅਦਬ ਦੀ ਘਾਟ ਨੂੰ ਦਰਸਾਉਂਦੀ ਹੈ।
ਇੱਥੇ ਜਾਰੀ ਬਿਆਨ ਵਿੱਚ ਬਾਜਵਾ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਸਿੱਖ ਗੁਰੂ ਸਾਹਿਬਾਨ ਬਾਰੇ ਦਿੱਤੀ ਗਈ ਸਰਵਜਨਿਕ ਟਿੱਪਣੀ ਨੂੰ ਦੁਹਰਾਉਣਾ ਜਾਂ ਉਸ ਦਾ ਜ਼ਿਕਰ ਕਰਨਾ ਵੀ ਪਾਪ ਹੈ ਅਤੇ ਅਜਿਹੀ ਭਾਸ਼ਾ ਆਤਿਸ਼ੀ ਦੇ ਮਾਨਸਿਕ ਦਿਵਾਲੀਏਪਨ ਨੂੰ ਉਜਾਗਰ ਕਰਦੀ ਹੈ।
ਭਾਜਪਾ ਉਪ ਪ੍ਰਧਾਨ ਨੇ ਕਿਹਾ ਕਿ ਇਸ ਕਰਤੂਤ ਲਈ ਆਤਿਸ਼ੀ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਖ਼ਿਲਾਫ਼ ਅਜਿਹੀ ਘਿਨੌਣੀ ਬਿਆਨਬਾਜ਼ੀ ਲਈ ਨਾ ਕੇਵਲ ਆਤਿਸ਼ੀ ਸਿੰਘ ਦੀ ਦਿੱਲੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਸਗੋਂ ਉਸ ਦੇ ਚੋਣ ਲੜਨ ‘ਤੇ ਵੀ ਪਾਬੰਦੀ ਲਗਾਈ ਜਾਵੇ।
ਬਾਜਵਾ ਨੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਨੂੰ ਸਿੱਖ ਮਰਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰਾਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਕਰਨ ਤੋਂ ਬਾਅਦ ਉਸ ਦਿਨ ਉੱਥੇ ਹੋਣ ਵਾਲੇ ਘਟਨਾਕ੍ਰਮ ਦਾ ਲਾਈਵ ਟੈਲੀਕਾਸਟ ਕਰਨ ਦੀ ਮੰਗ ਕਰਨ ਨਾਲ ਸਪਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਦੇ ਮਨ ਵਿੱਚ ਸਿੱਖਾਂ ਦੀ ਇਸ ਸਰਵਉੱਚ ਸੰਸਥਾ ਲਈ ਕੋਈ ਆਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਨਮੇ ਤੇ ਪਲੇ ਭਗਵੰਤ ਮਾਨ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਅਜਿਹੀ ਬਿਆਨਬਾਜ਼ੀ ਤੋਂ ਸਾਫ਼ ਹੈ ਕਿ ਉਹ ਜਾਣ-ਬੁੱਝ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਮਰਯਾਦਾਵਾਂ ਦਾ ਅਪਮਾਨ ਕਰ ਰਹੇ ਹਨ।












