ਮਾਨਸਾ 9 ਜਨਵਰੀ ,ਬੋਲੇ ਪੰਜਾਬ ਬਿਊਰੋ;
ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਦੀਆਂ ਜਾਇਜ਼ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਡਿੱਠਾ ਕਰ ਰਹੀ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਭਰ ਵਿੱਚ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਦੀ ਮੁਲਾਜ਼ਮ ਵਿਰੋਧੀ ਅਤੇ ਦੋਹਰੀ ਨੀਤੀ ਤੋਂ ਤੰਗ ਆ ਕੇ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਸੂਬਾ ਪੱਧਰੀ ਰੋਸ ਵਿੱਚ ਪੰਜਾਬ ਭਰ ਦੇ ਕਈ ਜ਼ਿਲ੍ਹਿਆ ਵਿੱਚ ਰੋਸ਼ ਪ੍ਰਦਰਸਨ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨਾਲ ਸੌਤੇਲਾ ਸਲੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਮੁਲਾਜ਼ਮ ਦਿਨ-ਰਾਤ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੂੰ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਠੇਕੇਦਾਰੀ (ਕੰਪਨੀ) ਪ੍ਰਣਾਲੀ ਰਾਹੀਂ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਆਗੂਆ ਨੇ ਦੋਸ਼ ਲਗਾਇਆ ਕਿ ਕੰਪਨੀਆਂ ਵੱਲੋਂ ਮਹੀਨਿਆਂ ਤੱਕ ਤਨਖਾਹਾਂ ਰੋਕ ਕੇ ਆਪਰੇਟਰਾਂ ਨੂੰ ਮਾਨਸਿਕ ਅਤੇ ਆਰਥਿਕ ਤੌਰ ’ਤੇ ਤੋੜਿਆ ਜਾ ਰਿਹਾ ਹੈ। ਜਦੋਂ ਸੈਲਰੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਲਟਾ ਨੌਕਰੀ ਛੱਡਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪਿਛਲੇ ਦਸੰਬਰ ਮਹੀਨੇ ਦੀ ਤਨਖਾਹ ਅਜੇ ਤੱਕ ਨਾ ਮਿਲਣ ਕਾਰਨ ਆਪਰੇਟਰਾਂ ਵਿੱਚ ਭਾਰੀ ਰੋਸ ਹੈ।
ਉਨ੍ਹਾਂ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਮਿਤੀ 09-01-2026 ਨੂੰ ਕਾਲੇ ਬਿੱਲੇ ਲਗਾ ਕੇ ਰੋਸ ਦਰਜ ਕਰਵਾਇਆ ਗਿਆ ਹੈ ਅਤੇ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਨਹੀਂ ਮੰਨੀਆਂ ਤਾਂ ਮਿਤੀ 12-01-2026 ਨੂੰ ਪੰਜਾਬ ਭਰ ਦੇ ਫਰਦ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਕੰਪਨੀ ਪ੍ਰਬੰਧਨ ਦੀ ਹੋਵੇਗੀ












