ਚੰਡੀਗੜ੍ਹ, 9 ਜਨਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਨੇ ਝੱਜਰ ਬਚੌਲੀ ਵਾਈਲਡਲਾਈਫ ਸੈਂਚੁਰੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਰਾਜ ਜੰਗਲੀ ਜੀਵ ਬੋਰਡ ਦੀ ਸਥਾਈ ਕਮੇਟੀ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 289 ਏਕੜ ਦੇ ਇਸ ਸੈਂਚੁਰੀ ਨੂੰ ਹੁਣ ਸ੍ਰੀ ਗੁਰੂ ਤੇਗ ਬਹਾਦਰ ਵਾਈਲਡਲਾਈਫ ਸੈਂਚੁਰੀ ਵਜੋਂ ਜਾਣਿਆ ਜਾਵੇਗਾ। ਇਹ ਫੈਸਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿਫ਼ਾਰਸ਼ ‘ਤੇ ਲਿਆ ਗਿਆ ਹੈ।
ਝੱਜਰ-ਬਚੌਲੀ ਵਾਈਲਡਲਾਈਫ ਸੈਂਚੁਰੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਸਥਿਤ ਹੈ, ਜੋ ਕਿ ਆਨੰਦਪੁਰ ਸਾਹਿਬ ਤੋਂ ਲਗਭਗ 15 ਕਿਲੋਮੀਟਰ ਦੂਰ ਹੈ ਅਤੇ ਸਤਲੁਜ ਦਰਿਆ ਦੇ ਨਾਲ ਫੈਲਿਆ ਹੋਇਆ ਹੈ। ਇਹ ਸੈਂਚੁਰੀ ਜੰਗਲ ਅਤੇ ਜਾਨਵਰਾਂ ਦੀ ਰੱਖਿਆ ਲਈ ਬਣਾਈ ਗਈ ਸੀ। ਇੱਥੇ ਖੈਰ, ਸ਼ੀਸ਼ਮ, ਨਿੰਮ ਅਤੇ ਆਂਵਲਾ ਵਰਗੇ ਰੁੱਖ ਇਸ ਖੇਤਰ ਨੂੰ ਹਰਾ-ਭਰਾ ਰੱਖਦੇ ਹਨ।
ਇਹ ਸੈਂਚੂਰੀ ਨੀਲਗਾਂ, ਹਿਰਨ, ਜੰਗਲੀ ਸੂਰ ਅਤੇ ਗਿੱਦੜ ਵਰਗੇ ਜਾਨਵਰਾਂ ਦਾ ਘਰ ਹੈ। ਇਹ ਸਥਾਨ ਜੰਗਲੀ ਜੀਵ ਪ੍ਰੇਮੀਆਂ ਅਤੇ ਕੁਦਰਤ ਨਿਗਰਾਨਾਂ ਲਈ ਇੱਕ ਪ੍ਰਸਿੱਧ ਸਥਾਨ ਹੈ। ਸਰਕਾਰ ਇਸਨੂੰ ਇੱਕ ਸੈਲਾਨੀ ਸਥਾਨ ਵਜੋਂ ਵਿਕਸਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।












