ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਗੁਰਮੁਖੀ ਲਿਪੀ ਦੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 13 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਗੁਰਮੁਖੀ ਲਿਪੀ ਦੇ ਖੋਜ ਕੇਂਦਰ ਦਾ ਨੀਂਹ ਰੱਖਿਆ ਗਿਆ। ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਤਿੰਨਾਂ ਆਗੂਆਂ ਨੇ ਸਾਂਝੇ ਤੌਰ ’ਤੇ ਇਸ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰਮੁਖੀ ਸਿਰਫ ਇਕ ਲਿਪੀ ਹੀ ਨਹੀਂ, ਇਹ ਸਾਡੀ ਸੋਚ, ਸਾਡੀ ਸੰਸਕ੍ਰਿਤੀ ਅਤੇ ਸਾਡੀ ਪਛਾਣ ਹੈ। ਉਹਨਾਂ ਕਿਹਾ ਕਿ ਇਹ ਲਿਪੀ ਗੁਰੂ ਸਾਹਿਬ ਵੱਲੋਂ ਸਾਨੂੰ ਬਖਸ਼ਿਸ਼ ਕੀਤੀ ਗਈ ਹੈ ਜੋ ਸਾਡੀ ਮਾਂ ਬੋਲੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬੀ ਆਪਣੀ ਮਾਂ ਬੋਲੀ ਦੀ ਬਦੌਲਤ ਹੀ ਦੇਸ਼ਾਂ ਵਿਦੇਸ਼ਾਂ ਵਿਚ ਆਪਣਾ ਨਾਮ ਕਮਾ ਰਹੇ ਹਨ। ਉਹਨਾਂ ਕਿਹਾ ਕਿ ਇਸ ਗੁਰਮੁਖੀ ਲਿਪੀ ਨੇ ਸਾਨੂੰ ਇਕ ਨਿਆਰੀ ਪਛਾਣ ਦਿੱਤੀ ਹੈ ਤੇ ਅੱਜ ਸਾਰੀ ਦੁਨੀਆਂ ਇਸ ਗੱਲ ਨੂੰ ਮੰਨ ਰਹੀ ਹੈ ਕਿ ਮਨੁੱਖਤਾ ’ਤੇ ਦੁਨੀਆਂ ਭਰ ਵਿਚ ਜਦੋਂ ਕੋਈ ਸੰਕਟ ਆਉਂਦਾ ਹੈ ਤਾਂ ਇਹ ਕੌਮ ਸਭ ਤੋਂ ਪਹਿਲਾਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰਦੀ ਹੈ। ਉਹਨਾਂ ਕਿਹਾ ਕਿ ਜਿਥੇ ਸਾਡੀ ਗਿਣਤੀ ਭਾਰਤ ਵਿਚ ਸਿਰਫ 2 ਫੀਸਦੀ ਹੈ, ਉਥੇ ਹੀ ਦੁਨੀਆਂ ਵਿਚ ਨਿਗੂਣੀ ਹੈ ਪਰ ਸਾਡੀ ਪਛਾਣ ਸਭ ਤੋਂ ਵੱਡੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਖੋਜ ਕੇਂਦਰ ਵਿਚ ਚੰਗੇ ਤੋਂ ਚੰਗੇ ਅਧਿਆਪਕ ਲਗਾ ਕੇ ਗੁਰਮੁਖੀ ਲਿਪੀ ’ਤੇ ਖੋਜ ਹੋਵੇਗੀ ਤੇ ਖੋਜ ਤਾਂ ਹੀ ਸੰਭਵ ਹੈ ਜੇਕਰ ਅਸੀਂ ਭਾਸ਼ਾ ਨੂੰ ਆਪਣੇ ਅੰਦਰ ਧਾਰ ਲਈਏ। ਉਹਨਾਂ ਕਿਹਾ ਕਿ ਭਾਵੇਂ ਅਸੀਂ ਆਖਦੇ ਹਾਂ ਕਿ ਸਾਡੀ ਬੋਲੀ ਹੈ ਪਰ ਘਰਾਂ ਵਿਚ ਇਸਦੀ ਵਰਤੋਂ ਘਟਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕਰੀਏ, ਅਸੀਂ ਬੋਲਣ ਅਤੇ ਲਿਖਣ ਵਿਚ ਭਾਸ਼ਾ ਦੀ ਵਰਤੋਂ ਕਰੀਏ। ਉਹਨਾਂ ਕਿਹਾ ਕਿ ਭਾਵੇਂ ਅੰਗਰੇਜ਼ੀ ਭਾਸ਼ਾ ਵੀ ਸਮਾਜਿਕ ਵਿਵਸਥਾ ਕਾਰਨ ਜ਼ਰੂਰੀ ਹੈ ਪਰ ਮਾਂ ਬੋਲੀ ਪੰਜਾਬੀ ਵਾਸਤੇ ਸਾਡੇ ਯਤਨ ਹੋਰ ਤੇਜ਼ ਹੋਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਮਾਂ ਬੋਲੀ ਵਾਸਤੇ ਯੋਗਦਾਨ ਪਾਇਆ ਹੈ, ਉਥੇ ਹੀ ਇਹਨਾਂ ਦੇ ਕਮੇਟੀ ਵਿਚ ਕਾਰਜਕਾਲ ਦੌਰਾਨ ਅਤੇ ਕੋਰੋਨਾ ਕਾਲ ਵਿਚ ਹੀ ਮੈਡੀਕਲ ਖੇਤਰ ਵਿਚ ਸੇਵਾਵਾਂ ਦੀ ਸ਼ੁਰੂਆਤ ਹੋਈ।
ਉਹਨਾਂ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰੀ ਪੱਧਰ ’ਤੇ ਵੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਯਤਨ ਹੋਣੇ ਚਾਹੀਦੇ ਹਨ ਅਤੇ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ 25 ਤੋਂ 30 ਕਰੋੜ ਰੁਪਏ ਇਸ ਸੈਂਟਰ ਵਾਸਤੇ ਪ੍ਰਦਾਨ ਕੀਤੇ ਹਨ। ਉਹਨਾਂ ਕਿਹਾ ਕਿ ਜਿਥੇ ਭਾਰਤ ਵਿਚ ਅਨੇਕਾਂ ਰਾਜਾਂ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੈ, ਉਥੇ ਹੀ ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟਰੇਲੀਆ ਸਮੇਤ ਵੱਖ-ਵੱਖ ਮੁਲਕਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਕਰੋੜਾਂ ਲੋਕ ਬੋਲਦੇ ਹਨ ਅਤੇ ਸੰਸਾਰ ਭਰ ਵਿਚ ਇਸਦਾ ਨਾਮ ਹੈ। ਉਹਨਾਂ ਕਿਹਾ ਕਿ ਆਸ ਹੈ ਕਿ ਇਸ ਸੈਂਟਰ ਵਿਚ ਗੁਰਮੁਖੀ ਬਾਰੇ ਵੱਡੀ ਖੋਜ ਹੋਵੇਗੀ ਅਤੇ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇਗਾ ਤੇ ਸਾਡੇ ਨੌਜਵਾਨ ਆਪਣੀ ਮਾਂ ਬੋਲੀ ਵਾਸਤੇ ਕੰਮ ਕਰ ਸਕਣਗੇ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਆਤਮਾ ਸਿੰਘ ਲੁਬਾਣਾ ਜੂਨੀਅਰ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਸਕੱਤਰ, ਕਾਲਜ ਦੇ ਚੇਅਰਮੈਨ ਪਦਮ ਭੂਸ਼ਣ ਸਰਦਾਰ ਤਰਲੋਚਨ ਸਿੰਘ, ਉਪ ਚੇਅਰਮੈਨ ਰਿਸ਼ੀਪ੍ਰੀਤ ਸਿੰਘ ਸਚਦੇਵਾ, ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਹਰਬੰਸ ਸਿੰਘ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।