ਚੰਡੀਗੜ੍ਹ, 14 ਜਨਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪਤਨੀ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ।ਇਸ ਖਬਰ ਕਾਰਨ ਰਾਜਨੀਤਿਕ ਹਲਕਿਆਂ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੇ ਗੁਪਤਾ ਦੀ ਪਤਨੀ ਰੇਣੂ ਗੁਪਤਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਰਾਤ ਲਗਭਗ 10:30 ਵਜੇ ਆਖਰੀ ਸਾਹ ਲਿਆ। ਰਿਪੋਰਟਾਂ ਅਨੁਸਾਰ, ਗੁਪਤਾ ਜਿਗਰ ਦੇ ਕੈਂਸਰ ਤੋਂ ਪੀੜਤ ਸਨ।
ਉਨ੍ਹਾਂ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ‘ਚ ਸਥਿਤ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਰੇਣੂ ਗੁਪਤਾ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਪਰਿਵਾਰਕ ਜਾਣਕਾਰੀ ਅਨੁਸਾਰ, ਇੱਕ ਪੁੱਤਰ ਅਤੇ ਧੀ ਵਿਆਹੇ ਹੋਏ ਹਨ, ਜਦੋਂ ਕਿ ਦੂਜਾ ਪੁੱਤਰ, ਡਾ. ਸਰਾਂਸ਼ ਗੁਪਤਾ ਅਜੇ ਕੁਆਰਾ ਹੈ।
ਰੇਣੂ ਗੁਪਤਾ ਦੇ ਦੇਹਾਂਤ ਦੀ ਖ਼ਬਰ ਫੈਲਦੇ ਹੀ, ਵਿਧਾਇਕ ਡਾ. ਅਜੇ ਗੁਪਤਾ ਦੇ ਪਰਿਵਾਰ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।












