ਅਨਪੜ੍ਹਤਾ ਮੁਕਤ ਸਮਾਜ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ: ਡਾਇਟ ਬੁੱਢਣਪੁਰ ਵਿਖੇ ਉਲਾਸ ਜਾਗਰੂਕਤਾ ਸੈਮੀਨਾਰ ਆਯੋਜਿਤ

ਪੰਜਾਬ

ਬੁੱਢਣਪੁਰ/ਬਨੂੰੜ 14 ਜਨਵਰੀ,ਬੋਲੇ ਪੰਜਾਬ ਬਿਊਰੋ;
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਕਿਰਨ ਸ਼ਰਮਾ ਪੀ.ਸੀ.ਐੱਸ. ਦੀ ਅਗਵਾਈ ਹੇਠ ਹੇਠ ਅਨਪੜ੍ਹਤਾ ਮੁਕਤ ਸਮਾਜ ਦੀ ਰਚਨਾ ਲਈ ਕਮਿਊਨਿਟੀ ਦੇ ਸਰਗਰਮ ਸਹਿਯੋਗ ਨਾਲ ‘ਉਲਾਸ’ ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਡਾਇਟ ਬੁੱਢਣਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸਹਾਇਕ ਡਾਇਰੈਕਟਰ ਅਤੇ ਪ੍ਰਿੰਸੀਪਲ ਡਾਇਟ ਬੁੱਢਣਪੁਰ ਬਲਵਿੰਦਰ ਸਿੰਘ ਸੈਣੀ ਵੱਲੋਂ ਕੀਤੀ ਗਈ।
ਸੈਮੀਨਾਰ ਵਿੱਚ ਪਿੰਡਾਂ ਦੇ ਸਰਪੰਚਾਂ, ਪੰਚਾਂ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਪਰਸਨਾਂ ਅਤੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਅਤੇ ਉਤਸ਼ਾਹਪੂਰਕ ਸ਼ਮੂਲੀਅਤ ਕੀਤੀ। ਹਾਜ਼ਰ ਮਹਿਮਾਨਾਂ ਨੇ ਸਮਾਜ ਵਿੱਚ ਸਾਖਰਤਾ ਦੇ ਪ੍ਰਸਾਰ ਅਤੇ ਬਾਲਗ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਬਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਉਲਾਸ ਪ੍ਰੋਗਰਾਮ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਮਕਸਦ ਹਰ ਵਿਅਕਤੀ ਨੂੰ ਬੁਨਿਆਦੀ ਸਿੱਖਿਆ ਨਾਲ ਜੋੜਨਾ ਅਤੇ ਜੀਵਨ ਭਰ ਸਿੱਖਣ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਮਿਊਨਿਟੀ ਦੇ ਸਾਰੇ ਵਰਗਾਂ ਨੂੰ ਅੱਗੇ ਆ ਕੇ ਅਸਾਖਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਦੀ ਅਪੀਲ ਕੀਤੀ।
ਇਸ ਮੌਕੇ ਉਲਾਸ ਤਹਿਤ ਵਧੀਆ ਪ੍ਰਦਰਸ਼ਨ ਕਰਨ ਲਈ ਬਨੂੰੜ ਬਲਾਕ ਦੇ ਪਿੰਡਾਂ ਨੂੰ 100 ਫੀਸਦੀ ਸਾਖਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮੂਹ ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਜਦੋਂ ਤੱਕ ਪਿੰਡ ਪੱਧਰ ‘ਤੇ ਸਰਪੰਚ, ਪੰਚ, ਸਕੂਲ ਅਤੇ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਕੰਮ ਨਹੀਂ ਕਰਦੀਆਂ, ਤਦ ਤੱਕ ਪੂਰਨ ਸਾਖਰਤਾ ਦਾ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਸੈਮੀਨਾਰ ਦੌਰਾਨ ਜਸਵਿੰਦਰ ਸਿੰਘ ਲਾਲਾ ਖਲੌਰ ਬਲਾਕ ਪ੍ਰਧਾਨ, ਊਸ਼ਾ ਕੁਮਾਰੀ ਸਕੱਤਰ ਭਾਰਤ ਵਿਕਾਸ ਪ੍ਰੀਸ਼ਦ ਜੀਰਕਪੁਰ, ਗੁਰਤੇਜ ਸਿੰਘ ਖੱਟੜਾ ਕੋਆਰਡੀਨੇਟਰ ਉਲਾਸ ਅਤੇ ਰਾਜਿੰਦਰ ਸਿੰਘ ਚਾਨੀ ਐੱਸ.ਐੱਸ. ਮਾਸਟਰ, ਨਿਸ਼ਚੇ ਸੰਸਥਾ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਉਲਾਸ ਪ੍ਰੋਗਰਾਮ ਦੀ ਮਹੱਤਤਾ, ਇਸ ਦੇ ਟੀਚਿਆਂ ਅਤੇ ਸਮਾਜਿਕ ਬਦਲਾਅ ਵਿੱਚ ਇਸ ਦੀ ਭੂਮਿਕਾ ‘ਤੇ ਵਿਸਥਾਰ ਨਾਲ ਰੌਸ਼ਨੀ ਪਾਈ।
ਹਾਜ਼ਰ ਮਹਿਮਾਨਾਂ ਨੂੰ ਉਲਾਸ ਪ੍ਰੋਗਰਾਮ ਤਹਿਤ ਡਿਜੀਟਲ ਲਿਟਰੇਸੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਡਿਜੀਟਲ ਸਾਧਨਾਂ ਦੀ ਵਰਤੋਂ, ਆਨਲਾਈਨ ਸੇਵਾਵਾਂ ਤੱਕ ਪਹੁੰਚ, ਮੋਬਾਈਲ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ ਗਈ, ਤਾਂ ਜੋ ਬਾਲਗ ਸਿੱਖਿਆ ਸਿਰਫ਼ ਅੱਖਰ ਗਿਆਨ ਤੱਕ ਸੀਮਿਤ ਨਾ ਰਹੇ ਸਗੋਂ ਜੀਵਨ ਲਈ ਲਾਭਦਾਇਕ ਬਣੇ। ਜਸਵਿੰਦਰ ਸਿੰਘ, ਲੈਕਚਰਾਰ ਵੱਲੋਂ ਸੈਮੀਨਾਰ ਵਿੱਚ ਪਹੁੰਚੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ l
ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਅਨਪੜ੍ਹਤਾ ਮੁਕਤ ਸਮਾਜ ਦੀ ਸਿਰਜਣਾ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਉਲਾਸ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।