ਕੋਰਟ ਕੇਸ ਹੋਣ ਦੇ ਬਾਵਜੂਦ ਪੁਲਿਸ ’ਤੇ ਜ਼ਬਰਦਸਤੀ ਕਬਜ਼ਾ ਕਰਵਾਉਣ ਦੇ ਦੋਸ਼ ਮਾਤਾ–ਪੁੱਤਰ ਨਾਲ ਕੁੱਟਮਾਰ, ਪਰਿਵਾਰ ਬੇਘਰ

ਪੰਜਾਬ

ਮੋਹਾਲੀ 17 ਜਨਵਰੀ ,ਬੋਲੇ ਪੰਜਾਬ ਬਿਊਰੋ;

ਫੇਜ਼–2 ਦੇ ਮਕਾਨ ਨੰਬਰ 806 ਵਿੱਚ ਰਹਿੰਦੇ ਸੁਨੀਲ ਕੁਮਾਰ ਨੇ ਪੁਲਿਸ ਅਤੇ ਕੁਝ ਨਿੱਜੀ ਵਿਅਕਤੀਆਂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ। ਸੁਨੀਲ ਕੁਮਾਰ ਅਨੁਸਾਰ ਇਸ ਮਕਾਨ ਸਬੰਧੀ ਉਨ੍ਹਾਂ ਦੇ ਪਿਤਾ ਵੱਲੋਂ ਅਦਾਲਤ ਵਿੱਚ ਪਹਿਲਾਂ ਹੀ ਕੇਸ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਸੰਬੰਧਤ ਵਿਅਕਤੀਆਂ ਖ਼ਿਲਾਫ਼ ਐਸਐਸਪੀ ਮੋਹਾਲੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ, ਜੋ ਫੇਜ਼–1 ਥਾਣੇ ਵਿੱਚ ਦਰਜ ਹੋਈ, ਪਰ ਉਸ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਸੁਨੀਲ ਕੁਮਾਰ ਵੱਲੋਂ ਅਦਾਲਤ ਵਿੱਚ ਵੀ ਇੱਕ ਕ੍ਰਿਮਿਨਲ ਕੰਪਲੇਂਟ ਦਾਇਰ ਕੀਤੀ ਗਈ, ਜੋ ਅਜੇ ਤੱਕ ਪੈਂਡਿੰਗ ਹੈ।
ਇਸ ਦੌਰਾਨ ਮਕਾਨ ਦੇ ਕਥਿਤ ਮਾਲਕ, ਡੀਲਰ ਹਰਿੰਦਰ ਹੰਸ ਅਤੇ ਉਨ੍ਹਾਂ ਦੇ ਕੁਝ ਸਾਥੀ ਪੁਲਿਸ ਨਾਲ ਮਿਲ ਕੇ ਪੀੜਤ ਪਰਿਵਾਰ ਦੇ ਘਰ ਪਹੁੰਚੇ। ਪਰਿਵਾਰ ਦਾ ਦਾਅਵਾ ਹੈ ਕਿ ਬਿਨਾਂ ਕਿਸੇ ਕੋਰਟ ਆਰਡਰ ਦੇ ਹੀ ਪੁਲਿਸ ਨੇ ਉਨ੍ਹਾਂ ’ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਪਰਚਾ ਦਰਜ ਕਰਨ ਤੋਂ ਬਾਅਦ ਸੁਨੀਲ ਕੁਮਾਰ, ਉਨ੍ਹਾਂ ਦੇ ਭਰਾ ਅਤੇ ਮਾਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਪਰਚੇ ਦੀ ਕੋਈ ਵੀ ਕਾਪੀ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈ ਗਈ।
ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਨੂੰ ਫੇਜ਼–1 ਥਾਣੇ ਲਿਜਾਇਆ ਗਿਆ, ਜਿੱਥੇ ਪੁਲਿਸ ਕਰਮਚਾਰੀਆਂ ਵੱਲੋਂ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ। ਸੁਨੀਲ ਕੁਮਾਰ ਨੇ ਦੱਸਿਆ,
“ਥਾਣੇ ਵਿੱਚ ਮੇਰੀ ਮਾਂ ਨੂੰ ਚਪੇੜਾਂ ਮਾਰੀਆਂ ਗਈਆਂ, ਮੇਰੇ ਭਰਾ ਨਾਲ ਵੀ ਕੁੱਟਮਾਰ ਹੋਈ ਅਤੇ ਮੈਨੂੰ ਬੁਰੀ ਤਰ੍ਹਾਂ ਮਾਰਿਆ ਗਿਆ, ਜਿਸ ਕਾਰਨ ਮੇਰੀ ਬਾਂਹ ’ਤੇ ਗਹਿਰੀ ਚੋਟ ਆਈ।”
ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਸਿਵਲ ਹਸਪਤਾਲ, ਫੇਜ਼–6 ਵਿੱਚ ਦਾਖ਼ਲ ਹਨ, ਪਰ ਹੁਣ ਤੱਕ ਕੋਈ ਵੀ ਪੁਲਿਸ ਅਧਿਕਾਰੀ ਉਨ੍ਹਾਂ ਦਾ ਬਿਆਨ ਦਰਜ ਕਰਨ ਨਹੀਂ ਆਇਆ। ਸੁਨੀਲ ਕੁਮਾਰ ਅਨੁਸਾਰ ਇਸ ਘਟਨਾ ਵਿੱਚ ਐਸਐਚਓ, ਏਐਸਆਈ ਅਤੇ ਇੱਕ ਕਾਂਸਟੇਬਲ ਸਿੱਧੇ ਤੌਰ ’ਤੇ ਸ਼ਾਮਿਲ ਸਨ।
ਇਸ ਤੋਂ ਇਲਾਵਾ, ਸੁਨੀਲ ਕੁਮਾਰ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ 7–8 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ’ਤੇ ਕਬਜ਼ਾ ਕਰ ਲਿਆ ਅਤੇ ਜ਼ਬਰਦਸਤੀ ਘਰ ਦਾ ਸਮਾਨ ਚੁੱਕਣ ਲਈ ਕਿਹਾ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਘਰ ਖਾਲੀ ਨਾ ਕੀਤਾ ਗਿਆ ਤਾਂ ਉਨ੍ਹਾਂ ’ਤੇ ਝੂਠਾ ਨਸ਼ਿਆਂ (ਚਿੱਟਾ) ਦਾ ਕੇਸ ਦਰਜ ਕਰਵਾ ਦਿੱਤਾ ਜਾਵੇਗਾ।
ਸੁਨੀਲ ਕੁਮਾਰ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਨੂੰ ਜ਼ਬਰਦਸਤੀ ਥਾਣੇ ਲਿਜਾਇਆ ਗਿਆ ਅਤੇ ਥਾਣੇ ਦੇ ਬਾਹਰ ਬਿਠਾ ਕੇ ਕਈ ਦਸਤਾਵੇਜ਼ਾਂ ’ਤੇ ਦਸਤਖ਼ਤ ਅਤੇ ਅੰਗੂਠੇ ਲਗਵਾਏ ਗਏ।
“ਨਾ ਤਾਂ ਸਾਨੂੰ ਉਹਨਾਂ ਕਾਗਜ਼ਾਂ ਦੀ ਕੋਈ ਕਾਪੀ ਦਿੱਤੀ ਗਈ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਕਿਸ ਚੀਜ਼ ’ਤੇ ਸਾਈਨ ਕਰਵਾਏ ਜਾ ਰਹੇ ਹਨ। ਸਭ ਕੁਝ ਧਮਕੀਆਂ ਦੇ ਕੇ ਕਰਵਾਇਆ ਗਿਆ।”
ਘਟਨਾ ਤੋਂ ਬਾਅਦ ਪੀੜਤ ਪਰਿਵਾਰ ਪੂਰੀ ਤਰ੍ਹਾਂ ਬੇਘਰ ਹੋ ਚੁੱਕਾ ਹੈ। ਪਰਿਵਾਰ ਨੇ ਉੱਚ ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਦੋਸ਼ੀ ਪੁਲਿਸ ਕਰਮਚਾਰੀਆਂ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।