ਸੰਗਰੂਰ 17 ਜਨਵਰੀ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਸੰਗਰੂਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਹਿਲਾ ਕਾਂਸਟੇਬਲ ਸਮੇਤ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।ਪੁਲਿਸ ਅਨੁਸਾਰ ਸਰਬਜੀਤ ਕੌਰ, ਜੋ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ, ਉਹ ਆਪਣੀ ਮਾਂ ਦੇ ਨਾਲ ਸਵੇਰੇ ਕਿਸੇ ਸਮਾਗਮ ‘ਤੇ ਜਾ ਰਹੀ ਸੀ।ਇਸੇ ਦੌਰਾਨ ਜਦੋਂ ਉਹ ਸੰਗਰੂਰ ਦੇ ਦਿੜਬਾ ਕੋਲ ਪਹੁੰਚੀ ਤਾਂ ਉਹਨਾਂ ਦੀ ਕਾਰ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਪੁਲਿਸ ਨੇ ਦੱਸਿਆ ਕਿ ਸਰਬਜੀਤ ਹੋਰਾਂ ਦੀ ਕਾਰ ਇੱਕ ਦਰਖਤ ਦੇ ਨਾਲ ਟਕਰਾ ਗਈ ਜਿਸਦੇ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ।ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਸਰਬਜੀਤ ਕੌਰ ਅਤੇ ਉਸਦੀ ਮਾਂ ਕਾਰ ਦੇ ਵਿੱਚ ਹੀ ਸੜ ਗਈਆਂ।ਤੜਕਸਾਰ ਵਾਪਰੇ ਇਸ ਹਾਦਸੇ ਦੇ ਕਾਰਨ ਕਾਫੀ ਸਮੇਂ ਬਾਅਦ ਆਸ ਪਾਸ ਦੇ ਲੋਕਾਂ ਨੂੰ ਪਤਾ ਲੱਗ ਸਕਿਆ ਕਿ ਦਿੜਬਾ ਕੋਲ ਕੋਈ ਹਾਦਸਾ ਵਾਪਰਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣ।
ਜਿਵੇਂ ਕਿ, ਵਾਹਨ ਚਲਾਉਣ ਵੇਲੇ ਫੋਗ ਲਾਈਟਾਂ ਦਾ ਇਸਤੇਮਾਲ ਕੀਤਾ ਜਾਵੇ, ਇਸ ਦੇ ਨਾਲ ਹੀ ਵਾਹਨਾਂ ਦੀ ਰਫ਼ਤਾਰ ਹੌਲੀ ਰੱਖੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।












