ਫਿਰੋਜ਼ਪੁਰ, 21 ਜਨਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਸਵੇਰੇ ਇੱਕ ਥਾਣੇ ‘ਤੇ ਅਚਾਨਕ ਛਾਪੇਮਾਰੀ ਕਰ ਦਿੱਤੀ। ਇਸ ਕਾਰਵਾਈ ਦੌਰਾਨ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਦੋ ਪੁਲਿਸ ਕਰਮਚਾਰੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਛਾਪੇਮਾਰੀ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਵਿੱਚ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਐਨਡੀਪੀਐਸ ਐਕਟ ਨਾਲ ਸੰਬੰਧਿਤ ਇੱਕ ਕੇਸ ਵਿੱਚ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਕੀਤੀ ਗਈ। ਵਿਜੀਲੈਂਸ ਟੀਮ ਨੇ ਥਾਣਾ ਲੱਖੋ ਕੇ ਬਹਿਰਾਮ ਵਿੱਚ ਤਾਇਨਾਤ ਇੱਕ ਸਹਾਇਕ ਥਾਣੇਦਾਰ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ।
ਸੂਤਰਾਂ ਮੁਤਾਬਕ ਦੋਵਾਂ ਮੁਲਜ਼ਮਾਂ ਵੱਲੋਂ ਕੇਸ ਵਿੱਚ ਰਾਹਤ ਦੇ ਨਾਂ ’ਤੇ ਮੁਦਈ ਪੱਖ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹੀ 40 ਹਜ਼ਾਰ ਰੁਪਏ ਦੀ ਰਕਮ ਲੈ ਲਈ ਗਈ ਸੀ ਅਤੇ ਅੱਜ ਹੋਰ ਕਰੀਬ 10 ਹਜ਼ਾਰ ਰੁਪਏ ਲੈਂਦੇ ਸਮੇਂ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।












