ਉਮਰ ਕੈਦ ਦੀ ਸਜ਼ਾ ਵਿਚ ਨਾਮਜਦ ਸੱਜਣ ਕੁਮਾਰ ਨੂੰ ਬਰੀ ਕਰਨਾ ਨਿਆਂਪਾਲਿਕਾ ਉਪਰ ਖੜ੍ਹੇ ਕਰਦਾ ਹੈ ਕਈ ਗੰਭੀਰ ਸਵਾਲ: ਸ਼੍ਰੋਮਣੀ ਰਾਗੀ ਸਭਾ

ਨੈਸ਼ਨਲ ਪੰਜਾਬ

ਨਵੀਂ ਦਿੱਲੀ 29 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ ਵਲੋਂ ਬੀਤੇ ਦਿਨੀਂ ਦਿੱਲੀ ਦੀ ਇਕ ਅਦਾਲਤ ਵਲੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚੋਂ ਇਕ ਸੱਜਣ ਕੁਮਾਰ ਨੂੰ ਬਰੀ ਕਰਣ ਦੇ ਦਿੱਤੇ ਗਏ ਫੈਸਲੇ ਉਪਰ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਗਹਿਰੀ ਹੈਰਾਨੀ ਅਤੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦਸਿਆ ਦਿੱਲੀ ਸਮੇਤ ਦੇਸ਼ ਭਰ ਵਿੱਚ ਨਵੰਬਰ 1984 ਦਾ ਪਹਿਲਾ ਹਫ਼ਤਾ ਖ਼ੌਫ਼ਨਾਕ ਦੌਰ ਸੀ, ਜਿੱਥੇ ਸਿੱਖ ਹੋਣ ਦਾ ਮਤਲਬ ਮੌਤ ਬਣ ਗਿਆ ਸੀ। ਦੇਸ਼ ਦੀ ਆਜ਼ਾਦੀ ਅਤੇ ਪੁਨਰਨਿਰਮਾਣ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖ ਪੰਥ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸੇ ਦੇਸ਼ ਵਿੱਚ ਉਸ ਨੂੰ ਆਪਣੀ ਪਹਿਚਾਣ ਕਰਕੇ ਬੇਆਬਰੂ ਹੋਣਾ ਪਵੇਗਾ ਅਤੇ ਇਕ ਗਿਣੀ ਮਿੱਠੀ ਸਾਜ਼ਿਸ਼ ਅਧੀਨ ਸਿਰਫ਼ ਪੱਗ ਅਤੇ ਦਾੜ੍ਹੀ ਕਾਰਨ ਬੇਕਸੂਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੋ ਮਾਮਲੇਆਂ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣਾ ਇਹ ਸਪਸ਼ਟ ਕਰਦਾ ਹੈ ਕਿ ਦਿੱਲੀ ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਉਹ ਮਾਸਟਰਮਾਈਂਡ ਸੀ। ਅਜਿਹੀ ਸਥਿਤੀ ਵਿੱਚ ਹੁਣ ਓਸ ਨੂੰ ਇਕ ਮਾਮਲੇ ਵਿਚ ਠੋਸ ਸਬੂਤਾਂ ਦੀ ਘਾਟ ਦਾ ਹਵਾਲਾ ਦੇ ਕੇ ਉਸ ਨੂੰ ਬਰੀ ਕਰਨਾ ਨਿਆਂਪਾਲਿਕਾ ਉਪਰ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ । ਉਨ੍ਹਾਂ ਕਿਹਾ 41 ਸਾਲਾਂ ਤੋਂ ਇਨਸਾਫ਼ ਦੀ ਉਮੀਦ ਲਾਈ ਬੈਠੇ ਪੀੜਤ ਪਰਿਵਾਰਾਂ ਦੇ ਜ਼ਖ਼ਮ ਇਸ ਫ਼ੈਸਲੇ ਨਾਲ ਇਕ ਵਾਰ ਫਿਰ ਹਰੇ ਹੋ ਗਏ ਹਨ ਕਿਉਕਿ ਇਹ ਸਿਰਫ਼ ਕਾਨੂੰਨੀ ਫ਼ੈਸਲਾ ਨਹੀਂ, ਸਗੋਂ ਨੈਤਿਕ ਜ਼ਿੰਮੇਵਾਰੀ ਦਾ ਵੀ ਸਵਾਲ ਹੈ। ਇੰਨ੍ਹਾ ਮਾਮਲਿਆਂ ਅੰਦਰ ਸਾਨੂੰ ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਰਫ ਪ੍ਰਕਿਰਿਆ ਨਹੀਂ, ਸਗੋਂ ਕਤਲੇਆਮ ਪੀੜੀਤਾਂ ਨੂੰ ਸੱਚਾ ਅਤੇ ਸਾਰਥਕ ਇਨਸਾਫ਼ ਮਿਲੇ। ਲੋਕਤੰਤਰ ਦੀ ਮਜ਼ਬੂਤੀ ਇਸੇ ਵਿੱਚ ਹੈ ਕਿ ਕੋਈ ਵੀ ਵਿਅਕਤੀ, ਚਾਹੇ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਾ ਹੋਵੇ, ਇਸ ਲਈ ਸੱਜਣ ਕੁਮਾਰ ਵਲੋਂ ਸਿੱਖ ਨਸਲਕੁਸ਼ੀ ਵਿੱਚ ਨਿਭਾਈ ਗਈ ਉਸ ਦੀ ਦਰਿੰਦਗੀ ਭਰੀ ਅਤੇ ਘਿਨੌਣੀ ਭੂਮਿਕਾ ਲਈ ਉਹ ਫਾਂਸੀ ਦੀ ਸਜ਼ਾ ਦਾ ਹੱਕਦਾਰ ਹੈ। ਕਾਂਗਰਸ ਪਾਰਟੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਦੇ ਕੇ ਨਾ ਕੇਵਲ ਕਾਨੂੰਨ ਤੋਂ ਬਚਾਇਆ, ਸਗੋਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਰਕਾਰ ਅਤੇ ਪਾਰਟੀ ਵਿੱਚ ਅਹਿਮ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਦੀ ਖਿੱਲੀ ਵੀ ਉਡਾਉਂਦੀ ਰਹੀ ਸੀ । ਇਸ ਮੌਕੇ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਓਂਕਾਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਕੋਹਾੜਕਾ ਸਮੇਤ ਵਡੀ ਗਿਣਤੀ ਵਿਚ ਰਾਗੀ ਸਿੰਘ ਹਾਜਿਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।