ਨਵੀਂ ਦਿੱਲੀ, 29 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਸੰਬੰਧ ਵਿਚ ਜੋ ਹਾਈਕੋਰਟ ਦੇ ਹੁਕਮਾਂ ਅਧੀਨ ਪੰਜਾਬ ਸਰਕਾਰ ਵੱਲੋ ਜਾਂਚ ਲਈ ਸਿੱਟ ਕਾਇਮ ਕੀਤੀ ਗਈ ਹੈ । ਜਿਸ ਵੱਲੋ ਜਾਂਚ ਜਾਰੀ ਹੈ, ਉਸ ਨੂੰ ਐਸ.ਜੀ.ਪੀ.ਸੀ ਦੇ ਸੰਬੰਧਤ ਦਸਤਾਵੇਜ ਦੇਣ ਦੀ ਜਦੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਹੁਕਮ ਹੋ ਚੁੱਕਿਆ ਹੈ, ਫਿਰ ਸਿੱਟ ਨੂੰ ਸੰਬੰਧਤ ਦਸਤਾਵੇਜ ਕਿਉ ਨਹੀ ਦਿੱਤੇ ਜਾ ਰਹੇ ਅਤੇ ਉਨ੍ਹਾਂ ਹੁਕਮਾਂ ਨੂੰ ਪੂਰਨ ਕਿਉ ਨਹੀ ਕੀਤਾ ਜਾ ਰਿਹਾ ? ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸਿੱਟ ਵੱਲੋ ਐਸ.ਜੀ.ਪੀ.ਸੀ ਦੇ ਅਧਿਕਾਰੀਆ ਨਾਲ ਸੰਪਰਕ ਕਰਨ ਉਪਰੰਤ ਵੀ ਕੋਈ ਸਹਿਯੋਗ ਨਾ ਕਰਨ ਦੀ ਕਾਰਵਾਈ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਸੱਚ ਨੂੰ ਸਾਹਮਣੇ ਆਉਣ ਤੋ ਰੋਕਣ ਦੀਆਂ ਕਾਰਵਾਈਆ ਉਤੇ ਹੋਰ ਸੰਜੀਦਾ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕਾਨੂੰਨ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦੀ ਜਾਂਚ ਚੱਲ ਰਹੀ ਹੈ ਅਤੇ ਸਮੁੱਚੀ ਸਿੱਖ ਕੌਮ ਇਸਦੇ ਸੱਚ ਤੱਕ ਪਹੁੰਚਣ ਲਈ ਉਤਾਵਲੀ ਹੈ ਤਾਂ ਐਸ.ਜੀ.ਪੀ.ਸੀ ਦੇ ਅਧਿਕਾਰੀਆ ਨੂੰ ਇਸ ਉਦਮ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾ ਕੇ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਇਸ ਜਾਂਚ ਨੂੰ ਸਹੀ ਢੰਗ ਨਾਲ ਪੂਰਨ ਕਰਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਨਾ ਕਿ ਆਨਾਕਾਨੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਗੰਭੀਰ ਮੁੱਦਾ ਹੋਰ ਦਿਸ਼ਾ ਵੱਲ ਮੁੜ ਪਵੇ ਉਸ ਤੋ ਪਹਿਲੇ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਧਾਨ ਤੇ ਅਗਜੈਕਟਿਵ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਇਹ ਜਿੰਮੇਵਾਰੀ ਇਮਾਨਦਾਰੀ ਨਾਲ ਪੂਰਨ ਕਰ ਦੇਣੀ ਚਾਹੀਦੀ ਹੈ ।












