ਨਵੀਂ ਦਿੱਲੀ, 9 ਮਾਰਚ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):
ਤਖ਼ਤ ਪਟਨਾ ਤੋਂ ਪੂਰਵ ਵਿਧਾਇਕ ਨੰਦ ਕਿਸ਼ੋਰ ਯਾਦਵ ਨੇ ਨਾਗਾਲੈਂਡ ਦਾ ਰਾਜਪਾਲ ਬਣਨ ਉੱਤੇ ਤਖ਼ਤ ਪਟਨਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਤੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ ਗਿਆ। ਤਖ਼ਤ ਸਾਹਿਬ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸਕੱਤਰ ਇੰਦਰਜੀਤ ਸਿੰਘ, ਸੁਪਰਿੰਟੈਂਡੈਂਟ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਨੰਦ ਕਿਸ਼ੋਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਅਹੁਦੇ ਮਿਲੇ ਹਨ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਹੀ ਮਿਲੇ ਹਨ, ਇਸ ਲਈ ਉਹ ਗੁਰੂ ਮਹਾਰਾਜ ਦੇ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਨੂੰ ਨਮਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਸੌਭਾਗ ਹੈ ਕਿ ਮੈਨੂੰ ਤਖ਼ਤ ਪਟਨਾ ਸਾਹਿਬ ਤੋਂ ਵਿਧਾਇਕ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਸੀ ਕਿ ਤਖ਼ਤ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਤਖ਼ਤ ਸਾਹਿਬ ਕਮੇਟੀ ਵੱਲੋਂ ਜੋ ਵੀ ਮੰਗ ਰੱਖੀ ਜਾਂਦੀ ਸੀ, ਉਸ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਂਦਾ ਸੀ। ਹੁਣ ਮੈਨੂੰ ਨਾਗਾਲੈਂਡ ਵਿੱਚ ਰਾਜਪਾਲ ਵਜੋਂ ਸੇਵਾ ਮਿਲੀ ਹੈ, ਪਰ ਅਜੇ ਵੀ ਤਖ਼ਤ ਸਾਹਿਬ ਕਮੇਟੀ ਨੂੰ ਸੰਗਤ ਦੀ ਸਹੂਲਤ ਲਈ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ ਉਨ੍ਹਾਂ ਨਾਲ ਮਿਲ ਕੇ ਉਸ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।












