ਨੌਜਵਾਨਾਂ ਵਿਚਲੇ ਹੁਨਰ ਨੂੰ ਬਾਹਰ ਕੱਢਣ ਦਾ ਸਰਵੋਤਮ ਮੰਚ ਹਨ ਯੂਥ ਫੈਸਟੀਵਲ – ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵੱਲੋਂ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਬਣਿਆ ਓਵਰਆਲ ਚੈਂਪੀਅਨ ਖ਼ਰੜ/ਮੋਹਾਲੀ 6 ਨਵੰਬਰ ,ਬੋਲੇ ਪੰਜਾਬ ਬਿਊਰੋ; ਅਜੋਕੇ ਨੌਜਵਾਨਾਂ ਅੰਦਰ ਬਹੁਤ ਹੁਨਰ ਹੈ । ਸਮਾਜ ਨੂੰ ਵਿਕਸਿਤ ਕਰਨ ਤੇ ਸਮਾਜ ਅੰਦਰਲੀਆਂ ਬੁਰਾਈਆਂ ਨੂੰ ਖਤਮ ਕਰਨ ਦੀ ਉਨ੍ਹਾਂ ਅੰਦਰ ਪੂਰੀ ਤਾਕਤ ਹੈ । ਪਰ ਬਹੁਤੀ ਵਾਰੀ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਦਿਖਾਉਣ ਦਾ ਮੌਕਾ ਤੇ ਮੰਚ ਹੀ ਨਹੀਂ ਮਿਲਦਾ । ਪ੍ਰੰਤੂ ਵਿਦਿਅਕ ਅਦਾਰੇ ਅਤੇ ਯੂਨੀਵਰਸਿਟੀਆਂ ਨੌਜਵਾਨਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਦੀਆਂ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦੁਆਬਾ ਗਰੁੱਪ ਵਿਖੇ ਚੱਲ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਹਿਤ ਆਯੋਜਿਤ ਚਾਰ ਦਿਨਾਂ ਰੋਪੜ-ਫਤਹਿਗੜ੍ਹ ਸਾਹਿਬ ਜ਼ੋਨ ਯੂਥ ਫੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤਾ । ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਗਰੁੱਪ ਦੇ ਵਿਦਿਆਰਥੀਆਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਅੱਗੇ ਜਾਰੀ ਰੱਖਣ ਦੇ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ । ਸਮਾਪਤੀ ਸਮਾਰੋਹ ਮੌਕੇ ਦੁਆਬਾ ਗਰੁੱਪ ਤੋਂ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਮੀਨੂ ਜੇਟਲੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਜੈ ਕ੍ਰਿਸ਼ਨ ਸਿੰਘ ਰੌੜੀ ਗੜਸ਼ੰਕਰ ਤੋਂ ਦੋ ਵਾਰ ਵਿਧਾਇਕ ਬਣੇ , ਤੇ ਫਿਰ ਆਪਣੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ । ਇਸ ਦੇ ਨਾਲ ਹੀ ਡਾ: ਜੇਟਲੀ ਵੱਲੋਂ ਦੁਆਬਾ ਗਰੁੱਪ ਦੇ ਸਮੂਹ ਸਟਾਫ, ਡੀਨ ਸਟੂਡੈਂਟਸ ਵੈਲਫੇਅਰ ਮੋਨਿੰਦਰਪਾਲ ਕੌਰ ਗਿੱਲ ਤੇ ਗਰੁੱਪ ਦੇ ਸਾਰੇ ਡਾਇਰੈਕਟਰ-ਪ੍ਰਿੰਸੀਪਲ, ਕਾਲਜਾਂ ਦੇ ਪ੍ਰਿੰਸੀਪਲ ਨੂੰ ਇਸ ਸਫਲ ਯੂਥ ਫੈਸਟੀਵਲ ਪ੍ਰਬੰਧਨ ਦੀ ਵਧਾਈ ਦਿੱਤੀ । ਪ੍ਰੋਗਰਾਮ ਵਿੱਚ ਪ੍ਰੋ. ਜਗਦੀਪ ਸਿੰਘ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਪ੍ਰੋ. ਭੀਮ ਇੰਦਰ ਸਿੰਘ, ਡਾਇਰੈਕਟਰ ਯੂਥ ਵੈਲਫੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਜਗਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਮੂਲ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਅਤੇ ਇਸਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਦੋਆਬਾ ਗਰੁੱਪ ਆਫ ਕਾਲਜਜ਼ ਦੇ ਚੇਅਰਮੈਨ ਐੱਮ ਐੱਸ . ਬਾਠ ਪ੍ਰੈਜ਼ੀਡੈਂਟ ਡਾ.ਐੱਚ ਐੱਸ . ਬਾਠ ਮੈਨੇਜਿੰਗ ਵਾਈਸ ਚੇਅਰਮੈਨ ਐੱਸ . ਐੱਸ. ਸੰਘਾ, ਐਗਜ਼ਿਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ, ਡਾ. ਸੁਖਜਿੰਦਰ ਸਿੰਘ (ਪ੍ਰਿੰਸੀਪਲ DCE), ਡਾ. ਸੰਦੀਪ ਸ਼ਰਮਾ (ਪ੍ਰਿੰਸੀਪਲ DIET), ਡਾ. ਪ੍ਰੀਤਮੋਹਿੰਦਰ ਸਿੰਘ ਹੁਰਾਂ ਨੇ ਸਾਂਝੇ ਰੂਪ ਵਿੱਚ ਲਗਾਤਾਰ ਚਾਰੋਂ ਦਿਨ ਉਚੇਚੇ ਤੌਰ ਤੇ ਹਾਜ਼ਰ ਰਹਿ ਕੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਇਨਾਮ ਵੰਡ ਸਮਾਰੋਹ ਵਿੱਚ ਸਾਰੇ ਮਹਿਮਾਨਾਂ ਨੇ ਆਪਣੇ ਹੱਥੀਂ ਵਿਜੇਤਾਵਾਂ ਤੇ ਰਨਰ-ਅੱਪ ਟੀਮਾਂ ਨੂੰ ਸਨਮਾਨਿਤ ਕੀਤਾ। ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਨੇ ਗਿੱਧਾ ਅਤੇ ਭੰਗੜਾ ਦੋਵੇਂ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਮੁੱਚਾ ਖਿਤਾਬ ਆਪਣੇ ਨਾਮ ਕੀਤਾ। ਯੂਥ ਫੈਸਟੀਵਲ ਵਿੱਚ ਲਗਭਗ 64 ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀ-ਕਲਾਕਾਰਾਂ ਨੇ ਭਾਗ ਲਿਆ। ਇਸ ਫੈਸਟੀਵਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਪੰਜਾਬ ਦੀ ਰੰਗ-ਬਿਰੰਗੀ ਤੇ ਸ਼ਾਨਦਾਰ ਸਭਿਆਚਾਰਕ ਵਿਰਾਸਤ ਨਾਲ ਜੋੜਨਾ ਅਤੇ ਉਨ੍ਹਾਂ ਦੇ ਅੰਦਰਲੀ ਪ੍ਰਤਿਭਾ ਨੂੰ ਉਭਾਰਨਾ ਸੀ। ਤੀਸਰੇ ਦਿਨ 173 ਵਿਦਿਆਰਥੀਆਂ ਨੇ ਇਕਾਂਕੀ ਨਾਟਕ, ਮੀਮਿਕਰੀ, ਲੋਕਗੀਤ, ਲੋਕਸਾਜ, ਫੋਕ ਆਰਕੈਸਟਰਾ, ਡਿਬੇਟ, ਇਲੋਕਿਊਸ਼ਨ ਅਤੇ ਕਾਵਿ-ਪਾਠ ਵਰਗੇ 8 ਮੁਕਾਬਲਿਆਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ “ਇਕਾਂਕੀ ਨਾਟਕ” ਸਭ ਤੋਂ ਪ੍ਰਭਾਵਸ਼ਾਲੀ ਆਈਟਮ ਰਿਹਾ।ਚੌਥੇ ਤੇ ਆਖ਼ਰੀ ਦਿਨ 195 ਭਾਗੀਦਾਰਾਂ ਨੇ 9 ਪ੍ਰਤਿਯੋਗਤਾਵਾਂ — ਗਿੱਧਾ, ਰਵਾਇਤੀ ਪਹਿਰਾਵਾ, ਪ੍ਰਦਰਸ਼ਨੀ, ਰਵਾਇਤੀ ਲੋਕਗੀਤ, ਕਲਾਸੀਕਲ ਡਾਂਸ, ਕਲਾਸੀਕਲ ਇੰਸਟਰੂਮੈਂਟਲ ਸੋਲੋ (ਨਾਨ-ਪਰਕਸ਼ਨ), ਕਲੀ ਗਾਇਨ, ਵਾਰ ਗਾਇਨ ਅਤੇ ਕਵੀਸ਼ਰੀ ਵਿੱਚ ਆਪਣੀ ਕਲਾ ਦਾ ਜਲਵਾ ਵਿਖਾਇਆ। ਗਿੱਧਾ ਇਸ ਦਿਨ ਦਾ ਸਭ ਤੋਂ ਆਕਰਸ਼ਕ ਪ੍ਰੋਗਰਾਮ ਰਿਹਾ।ਦੋਆਬਾ ਗਰੁੱਪ ਆਫ ਕਾਲਜਜ਼ ਪ੍ਰਬੰਧਨ ਨੇ ਐਲਾਨ ਕੀਤਾ ਕਿ ਇਸ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਨੌਜਵਾਨਾਂ ਦੇ ਸਮੁੱਚੇ ਵਿਕਾਸ ਲਈ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
Continue Reading