ਚੰਡੀਗੜ੍ਹ ਮੇਅਰ ਚੋਣ ਦੇ ਚੋਣ ਅਫ਼ਸਰ ਨੂੰ 19 ਫਰਵਰੀ ਨੂੰ ਕੋਰਟ ਅੱਗੇ ਪੇਸ਼ ਹੋ ਕੇ ਸਪਸ਼ਟ ਕਰਨ ਲਈ ਕਿਹਾ

Uncategorized

ਬੋਲੇ ਪੰਜਾਬ ਬਿਉਰੋ: ਚੰਡੀਗੜ੍ਹ ਮੇਅਰ ਚੋਣ ‘ਚ ਹੋਈ ਗੜਬੜੀ, ਨਵੀਂ ਵੀਡੀਓ ਆਈ ਸਾਹਮਣੇ..

ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਰਿਟਰਨਿੰਗ ਅਧਿਕਾਰੀ(ਅਨਿਲ ਮਸੀਹ) ਵੱਲੋਂ ਕਥਿਤ ਮਤ-ਪੱਤਰਾਂ ਨਾਲ ਛੇੜਛਾੜ ਨੂੰ ‘ਜਮਹੂਰੀਅਤ ਦਾ ਕਤਲ’ ਤੇ ‘ਜਮਹੂਰੀਅਤ ਦਾ ਮਜ਼ਾਕ ਬਣਾਉਣਾ’ ਕਰਾਰ ਦਿੱਤਾ ਹੈ।

ਸਰਵਉੱਚ ਅਦਾਲਤ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ 19 ਫਰਵਰੀ ਨੂੰ ਕੋਰਟ ਅੱਗੇ ਪੇਸ਼ ਹੋ ਕੇ ਆਪਣੇ ਵਿਹਾਰ ਬਾਰੇ ਸਪਸ਼ਟ ਕਰੇ। ਅਦਾਲਤ ਨੇ ਮਤ-ਪੱਤਰਾਂ ਤੇ ਚੋੋਣ ਅਮਲ ਦੀ ਪੂਰੀ ਵੀਡੀਓ ਸੰਭਾਲ ਕੇ ਰੱਖਣ ਦੇ ਆਦੇਸ਼ ਵੀ ਦਿੱਤੇ ਹਨ। ਕੋਰਟ ਨੇ ਕਿਹਾ, ‘‘ਪਹਿਲੀ ਨਜ਼ਰੇ ਇਸ ਪੜਾਅ ਉਤੇ ਸਾਡਾ ਮੰਨਣਾ ਹੈ ਕਿ ਚੋਣ ਅਮਲ ਦੀ ਸੁੱਚਮਤਾ ਕਾਇਮ ਰੱਖਣ ਕੋਈ ਢੁੱਕਵਾਂ ਅੰਤਰਿਮ ਨਿਰਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਸੀ, ਜਿਸ ਵਿਚ ਹਾਈ ਕੋਰਟ ਨਾਕਾਮ ਰਹੀ ਹੈ।’’

ਨਾਰਾਜ਼ ਦਿਖਾਈ ਦੇ ਰਹੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ‘ਮਤ-ਪੱਤਰਾਂ ਨਾਲ ਕਥਿਤ ਛੇੜਛਾੜ’ ਵਾਲੀ ਵੀਡੀਓ ਦੇਖਣ ਮਗਰੋਂ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, ‘‘ਕ੍ਰਿਪਾ ਕਰਕੇ ਆਪਣੇ ਰਿਟਰਨਿੰਗ ਅਧਿਕਾਰੀ ਨੂੰ ਦੱਸ ਦਿਓ ਕਿ ਸੁਪਰੀਮ ਕੋਰਟ ਉਸ ਨੂੰ ਦੇਖ ਰਹੀ ਹੈ। ਅਸੀਂ ਜਮਹੂਰੀਅਤ ਦਾ ਇਸ ਤਰ੍ਹਾਂ ਕਤਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਦੇਸ਼ ਨੂੰ ਸਥਿਰ ਰੱਖਣ ਵਾਲੀ ਇਕੋ ਇਕ ਤਾਕਤ ਚੋਣ ਅਮਲ ਦੀ ਸੁੱਚਮਤਾ ਹੈ।’’

ਸੀਜੇਆਈ ਨੇ ਰਿਟਰਨਿੰਗ ਅਧਿਕਾਰੀ ਦੀ ਜੰਮ ਕੇ ਝਾੜਝੰਬ ਕਰਦਿਆਂ ਕਿਹਾ, ‘‘ਜੋ ਕੁਝ ਹੋਇਆ, ਅਸੀਂ ਉਸ ਤੋਂ ਨਿਰਾਸ਼ ਹਾਂ…ਕੀ ਰਿਟਰਨਿੰਗ ਅਧਿਕਾਰੀ ਦਾ ਰਵੱਈਆ ਇਹੋ ਜਿਹਾ ਹੁੰਦਾ ਹੈ? ਇਸ ਵਿਅਕਤੀ ਖ਼ਿਲਾਫ਼ ਮੁਕੱਦਮਾ ਚੱਲਣਾ ਚਾਹੀਦਾ ਹੈ। ਉਹ ਕੈਮਰੇ ਵੱਲ ਦੇਖਦਾ ਹੈ ਤੇ ਮਤ-ਪੱਤਰ ਨਾਲ ਛੇੜਛਾੜ ਕਰਦਾ ਹੈ। ਮਤ-ਪੱਤਰ ਵਿਚ ਹੇਠਲੇ ਪਾਸੇ ਜਿੱਥੇ ਕਰਾਸ ਹੈ, ਉਸ ਨੂੰ ਉਹ ਟਰੇਅ ਵਿਚ ਰੱਖ ਲੈਂਦਾ ਹੈ। ਜਿਸ ਮਤ-ਪੱਤਰ ਵਿਚ ਉਪਰਲੇ ਪਾਸੇ ਕਰਾਸ ਹੈ; ਇਹ ਵਿਅਕਤੀ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਫਿਰ ਕੈਮਰੇ ਵੱਲ ਦੇਖਦਾ ਹੈ ਕਿ ਉਸ ਨੂੰ ਕੌਣ ਦੇਖ ਰਿਹਾ ਹੈ।’’ ਬੈਂਚ ਨੇ ਹੁਕਮਾਂ ਵਿਚ ਕਿਹਾ, ‘‘ਰਿਟਰਨਿੰਗ ਅਧਿਕਾਰੀ ਕੇਸ ਦੀ ਅਗਲੀ ਸੁਣਵਾਈ ਮੌਕੇ ਇਸ ਕੋਰਟ ਅੱਗੇ ਪੇਸ਼ ਹੋ ਕੇ (ਵੀਡੀਓ ਵਿੱਚ ਨਜ਼ਰ ਆਉਂਦੇ) ਆਪਣੇ ਵਤੀਰੇ ਬਾਰੇ ਸਪਸ਼ਟ ਕਰੇ।’’

Leave a Reply

Your email address will not be published. Required fields are marked *