ਚੰਡੀਗੜ੍ਹ ‘ਚ ਰੋਜ਼ ਫੈਸਟੀਵਲ ਅੱਜ ਤੋਂ ਸ਼ੁਰੂ, ਰੋਜ਼ ਗਾਰਡਨ ਤੇ ਲੇਜ਼ਰ ਵੈਲੀ ‘ਚ ਤਿੰਨ ਦਿਨ ਚੱਲਣਗੇ ਰੰਗਾ-ਰੰਗ ਪ੍ਰੋਗਰਾਮ

Uncategorized

ਚੰਡੀਗੜ੍ਹ, 23 ਫਰਵਰੀ, ਬੋਲੇ ਪੰਜਾਬ ਬਿਊਰੋ :
52ਵਾਂ ਰੋਜ਼ ਫੈਸਟੀਵਲ ਅੱਜ ਸ਼ੁਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਰੋਜ਼ ਗਾਰਡਨ ਅਤੇ ਲੇਜ਼ਰ ਵੈਲੀ ‘ਚ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ‘ਚ ਸ਼ਹਿਰ ਵਾਸੀ ਅਤੇ ਸੈਲਾਨੀ 829 ਕਿਸਮਾਂ ਦੇ ਗੁਲਾਬ ਦੇਖਣ ਦੇ ਨਾਲ-ਨਾਲ ਮਿਊਜ਼ੀਕਲ ਨਾਈਟ ਦਾ ਆਨੰਦ ਵੀ ਲੈਣਗੇ। ਵੀਰਵਾਰ ਰਾਤ ਤੱਕ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ਰੋਜ਼ ਫੈਸਟੀਵਲ ਦਾ ਉਦਘਾਟਨ ਕਰਨਗੇ। ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਰਹਿਣਗੇ।
ਰੋਜ਼ ਫੈਸਟੀਵਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਦੀ ਭੀੜ ਅਤੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਨਿਰਧਾਰਿਤ ਥਾਂ ‘ਤੇ ਹੀ ਪਾਰਕ ਕਰਨ।ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਜਨਤਕ ਟਰਾਂਸਪੋਰਟ ਜਾਂ ਕਾਰ ਪੂਲਿੰਗ ਰਾਹੀਂ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਸਾਈਕਲ ਟਰੈਕ, ਫੁੱਟਪਾਥ ਜਾਂ ਨੋ ਪਾਰਕਿੰਗ ਜ਼ੋਨ ‘ਤੇ ਵਾਹਨ ਖੜ੍ਹੇ ਕੀਤੇ ਗਏ ਤਾਂ ਵਾਹਨ ਜ਼ਬਤ ਕਰ ਲਏ ਜਾਣਗੇ। ਅਜਿਹੇ ‘ਚ ਵਾਹਨ ਚਾਲਕਾਂ ਨੂੰ ਪੁਲਸ ਟਰੈਫਿਕ ਹੈਲਪਲਾਈਨ ਨੰਬਰ 1073 ‘ਤੇ ਸੰਪਰਕ ਕਰਨਾ ਹੋਵੇਗਾ।
ਰੋਜ਼ ਗਾਰਡਨ ਅਤੇ ਲੀਜ਼ਰ ਵੈਲੀ ਵਿੱਚ ਦਾਖਲਾ ਹਰ ਕਿਸੇ ਲਈ ਮੁਫਤ ਹੋਵੇਗਾ। ਫੈਸਟੀਵਲ ਦੇ ਪਹਿਲੇ ਦਿਨ ਸ਼ੁਕਰਵਾਰ ਨੂੰ ਸ਼ਾਮ 6.30 ਵਜੇ ਤੋਂ ਅੰਤਰਰਾਸ਼ਟਰੀ ਕਲਾਕਾਰਾਂ ਦੀ ਸਾਜ਼ ਸ਼ਾਮ ਹੋਵੇਗੀ, ਜੋ ਕਿ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੇ ਸਾਹਮਣੇ ਮੈਦਾਨ ਵਿੱਚ ਹੋਵੇਗੀ। ਤਿੰਨ ਦਿਨਾਂ ਲਈ ਲੋਕ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਕਰਾਫਟ ਪ੍ਰਦਰਸ਼ਨੀ, ਮਨੋਰੰਜਨ ਪਾਰਕ, ਫੂਡ ਕੋਰਟ, ਵਪਾਰਕ ਸਟਾਲਾਂ ਅਤੇ ਪ੍ਰਦਰਸ਼ਨੀ ਸਟਾਲਾਂ ਦਾ ਆਨੰਦ ਲੈ ਸਕਦੇ ਹਨ। ਲੋਕ ਸਵੇਰੇ 8 ਤੋਂ 10 ਵਜੇ ਤੱਕ ਯੋਗਾ ਸੈਸ਼ਨਾਂ ਵਿੱਚ ਵੀ ਭਾਗ ਲੈ ਸਕਦੇ ਹਨ।ਯੋਗਾ ਸੈਸ਼ਨ ਸੈਕਟਰ-10 ਸਥਿਤ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਵਿਖੇ ਕਰਵਾਇਆ ਜਾਵੇਗਾ। 2 ਤੋਂ 3.30 ਵਜੇ ਤੱਕ ਸਸਟੇਨੇਬਲ ਵਾਈਲਡਲਾਈਫ ਟ੍ਰੈਵਲ ‘ਤੇ ਫਿਲਮ ਸਕ੍ਰੀਨਿੰਗ ਵੀ ਹੋਵੇਗੀ, ਜਿਸ ਦਾ ਆਯੋਜਨ ਸੈਰ-ਸਪਾਟਾ ਵਿਭਾਗ ਵੱਲੋਂ ਕੀਤਾ ਜਾਵੇਗਾ।
ਰੋਜ਼ ਫੈਸਟੀਵਲ ਦੇ ਤਿੰਨੋਂ ਦਿਨ ਮਿਊਜ਼ੀਕਲ ਨਾਈਟਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ।ਅੱਜ ਸ਼ੁਕਰਵਾਰ ਸ਼ਾਮ 5.30 ਵਜੇ ਤੋਂ ਸ਼ਾਮ-ਏ-ਗ਼ਜ਼ਲ ਦਾ ਆਯੋਜਨ ਕੀਤਾ ਜਾਵੇਗਾ।ਅੱਜ ਗਾਇਕ ਸੁਨੀਲ ਸਿੰਘ ਡੋਗਰਾ ਪਹੁੰਚਣਗੇ। 24 ਫਰਵਰੀ ਨੂੰ ਸ਼ਾਮ 5:30 ਵਜੇ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਵੱਲੋਂ ਸੂਫੀ ਨਾਈਟ ਅਤੇ 25 ਫਰਵਰੀ ਨੂੰ ਪ੍ਰਸਿੱਧ ਗਾਇਕ ਅਭਿਲਿਪਸਾ ਪਾਂਡਾ ਵੱਲੋਂ ਸੰਗੀਤ ਨਾਈਟ ਹੋਵੇਗੀ। ਇਹ ਤਿੰਨੋਂ ਪ੍ਰੋਗਰਾਮ ਸੈਕਟਰ-16 ਸਥਿਤ ਰੋਜ਼ ਗਾਰਡਨ ਦੇ ਅੰਦਰ ਹੋਣਗੇ। ਇਸ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ 24 ਫਰਵਰੀ ਨੂੰ ਸ਼ਾਮ 6.30 ਵਜੇ ਲੇਜ਼ਰ ਵੈਲੀ ਵਿਖੇ ਪੇਸ਼ਕਾਰੀ ਕਰਨਗੇ। ਰੋਜ਼ ਫੈਸਟੀਵਲ ਦੇ ਆਖਰੀ ਦਿਨ 25 ਫਰਵਰੀ ਨੂੰ ਮਸ਼ਹੂਰ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਆਪਣੇ ਗੀਤਾਂ ਨਾਲ ਸ਼ਾਮ ਨੂੰ ਨਿਹਾਲ ਕਰਨਗੇ

Leave a Reply

Your email address will not be published. Required fields are marked *