ਸਮੁੱਚੀਆਂ ਕਿਸਾਨ ਜਥੇਬੰਦੀਆਂ ਆਪਣੇ ਵਿਚਾਰਿਕ ਵੱਖਰੇਵਿਆ ਨੂੰ ਪਾਸੇ ਰੱਖਕੇ ਦਿੱਲੀ ਸੰਘਰਸ਼ ਦੀ ਤਰ੍ਹਾਂ ਇਕ ਪਲੇਟਫਾਰਮ ਤੇ ਇਕੱਠੀਆਂ ਹੋਣ : ਮਾਨ

Uncategorized

ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਸਭ ਸਿਆਸੀ ਜਮਾਤਾਂ ਨੂੰ ਵੀ ਇਕ ਹੋ ਕੇ ਬੀਜੇਪੀ-ਆਰਐਸਐਸ ਦੇ ਜ਼ਬਰ ਵਿਰੁੱਧ ਲੜਨਾ ਚਾਹੀਦੈ

ਨਵੀਂ ਦਿੱਲੀ, 23 ਫਰਵਰੀ ,ਬੋਲੇ ਪੰਜਾਬ ਬਿਓਰੋ(ਮਨਪ੍ਰੀਤ ਸਿੰਘ ਖਾਲਸਾ):-“ਜਦੋਂ ਬੀਜੇਪੀ-ਆਰ.ਐਸ.ਐਸ ਦੀ ਸੈਂਟਰ ਹਕੂਮਤ ਵੱਲੋ ਸਭ ਵਿਧਾਨਿਕ, ਸਮਾਜਿਕ ਅਤੇ ਇਖਲਾਕੀ ਕਦਰਾਂ ਕੀਮਤਾਂ ਦਾ ਘਾਣ ਕਰਕੇ ਇਨਸਾਫ਼ ਮੰਗ ਰਹੇ ਮੁਲਕ ਦੇ ਕਿਸਾਨਾਂ ਉਤੇ ਗੈਰ ਇਨਸਾਨੀ ਤਰੀਕੇ ਨਾਲ ਜ਼ਬਰ ਢਾਹਿਆ ਜਾ ਰਿਹਾ ਹੈ, ਕਿਸਾਨਾਂ ਨੂੰ ਗੋਲੀਆਂ, ਅੱਥਰੂ ਗੈਸ ਦੇ ਗੋਲੇ ਆਦਿ ਨਾਲ ਹਮਲੇ ਕਰਕੇ ਮਾਰਿਆ ਤੇ ਜਖਮੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆਵਾਜ ਨੂੰ ਬੰਦ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ ਤਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਆਪਣੇ ਵਿਚਾਰਿਕ ਵੱਖਰੇਵਿਆ ਨੂੰ ਪਾਸੇ ਰੱਖਕੇ ਦਿੱਲੀ ਸੰਘਰਸ਼ ਦੀ ਤਰ੍ਹਾਂ ਇਕ ਹੋ ਕੇ ਮੋਦੀ ਹਕੂਮਤ ਦੇ ਜ਼ਬਰ ਵਿਰੁੱਧ ਦ੍ਰਿੜਤਾ ਨਾਲ ਲੜਨਾ ਚਾਹੀਦਾ ਹੈ । ਇਸਦੇ ਨਾਲ ਹੀ ਜੋ ਸਿਆਸੀ ਜਮਾਤਾਂ ਵਿਚਰ ਰਹੀਆ ਹਨ, ਉਨ੍ਹਾਂ ਨੂੰ ਵੀ ਇਸ ਮੌਕੇ ਜ਼ਬਰ ਦਾ ਸਾਹਮਣਾ ਕਰ ਰਹੇ ਕਿਸਾਨ ਵਰਗ ਨਾਲ ਦ੍ਰਿੜਤਾ ਨਾਲ ਖਲੋਕੇ ਇਸ ਬੀਜੇਪੀ-ਆਰ.ਐਸ.ਐਸ. ਦੀ ਹਕੂਮਤ ਨੂੰ ਆਉਣ ਵਾਲੇ ਸਮੇ ਵਿਚ ਇਸ ਮੁਲਕ ਵਿਚੋ ਖਤਮ ਕਰਕੇ ਇਥੇ ਜਮਹੂਰੀਅਤ ਅਤੇ ਅਮਨ ਚੈਨ ਦਾ ਬੋਲਬਾਲਾ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨਾਂ ਵੱਲੋ ਵਿਧਾਨਿਕ ਤੇ ਜਮਹੂਰੀਅਤ ਲੀਹਾਂ ਉਤੇ ਆਪਣੀਆ ਜਾਇਜ ਮੰਗਾਂ ਦੇ ਹੱਕ ਵਿਚ ਕੀਤੇ ਜਾ ਰਹੇ ਸੰਘਰਸ ਨੂੰ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਹੁਕਮਰਾਨਾਂ ਵੱਲੋ ਜ਼ਬਰ ਜੁਲਮ ਕਰਦੇ ਹੋਏ ਇਥੇ ਅਰਾਜਕਤਾ ਫੈਲਾਉਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਭ ਕਿਸਾਨ ਜਥੇਬੰਦੀਆਂ, ਸਿਆਸੀ ਜਮਾਤਾਂ ਨੂੰ ਬੀਜੇਪੀ-ਆਰ.ਐਸ.ਐਸ ਦੀ ਫਿਰਕੂ ਜਾਬਰ ਹਕੂਮਤ ਦਾ ਇਸ ਮੁਲਕ ਵਿਚ ਅੰਤ ਕਰਨ ਦੀ ਗੰਭੀਰ ਗੁਹਾਰ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਨੇ ਹੁਕਮਰਾਨਾਂ ਨੂੰ ਗੱਲਬਾਤ ਰਾਹੀ ਕਿਸਾਨੀ ਮਸਲੇ ਨੂੰ ਹੱਲ ਕਰਨ ਦਾ ਚੋਖਾ ਸਮਾਂ ਦੇਣ ਉਪਰੰਤ ਵੀ ਜਦੋ ਹੁਕਮਰਾਨ ਕਿਸਾਨਾਂ ਪ੍ਰਤੀ ਉਸੇ ਤਰ੍ਹਾਂ ਬੁਰੱਖੀ ਰੱਖ ਰਹੇ ਹਨ, ਤਾਂ ਕਿਸਾਨ ਵਰਗ ਵੱਲੋ 5 ਦਿਨਾਂ ਦੇ ਦਿੱਤੇ ਗਏ ਅਲਟੀਮੇਟ ਦਾ ਸਮਾਂ ਖਤਮ ਹੋਣ ਉਪਰੰਤ ਸਾਨੂੰ ਸਭਨਾਂ ਨੂੰ ‘ਰੇਲ ਰੋਕਣ’ ਦੇ ਐਲਾਨੇ ਗਏ ਪ੍ਰੋਗਰਾਮ ਨੂੰ ਸਮੂਹਿਕ ਰੂਪ ਵਿਚ ਕਾਮਯਾਬ ਕਰਨ ਲਈ ਇਤਫਾਕ ਸਹਿਤ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਅਤੇ ਇਨ੍ਹਾਂ ਜਾਬਰ ਹੁਕਮਰਾਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਹਕੂਮਤੀ ਜ਼ਬਰ, ਗੋਲੀਆਂ, ਅੱਥਰੂ ਗੈਸ ਅਤੇ ਦੁਸਮਣਾਂ ਦੀ ਤਰ੍ਹਾਂ ਕਿਸਾਨਾਂ ਉਤੇ ਕੀਤੇ ਜਾ ਰਹੇ ਹਮਲੇ ਦਾ ਉਹ ਡੱਟਕੇ ਮੁਕਾਬਲਾ ਵੀ ਕਰਨਗੇ ਅਤੇ ਸਰਕਾਰ ਦੇ ਜਬਰ ਅੱਗੇ ਕਦੀ ਵੀ ਈਨ ਨਹੀਂ ਮੰਨਣਗੇ । ਸ. ਮਾਨ ਨੇ ਸਮੁੱਚੀਆਂ ਸਿਆਸੀ ਜਥੇਬੰਦੀਆਂ, ਵਿਸੇਸ ਤੌਰ ਤੇ ਕਿਸਾਨਾਂ ਨਾਲ ਸੰਬੰਧਤ ਸਭ ਸੰਗਠਨਾਂ ਅਤੇ ਯੂਨੀਅਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਮਾਂ ਵੱਖਰੇਵੇ ਉਜਾਗਰ ਕਰਨ ਦਾ ਨਹੀ ਬਲਕਿ ਡੱਟਕੇ ਬੀਜੇਪੀ-ਆਰ.ਐਸ.ਐਸ ਹਕੂਮਤ ਦੀਆਂ ਜਾਬਰ ਨੀਤੀਆ ਦਾ ਸਾਹਮਣਾ ਕਰਦੇ ਹੋਏ ਫਤਹਿ ਵੱਲ ਵੱਧਣ ਦਾ ਹੈ । ਇਸ ਲਈ ਸਭ ਸੰਗਠਨ ਅਤੇ ਜਥੇਬੰਦੀਆਂ ਕਿਸਾਨਾਂ ਦੀ ਲਹਿਰ ਵਿਚ ਬਿਨ੍ਹਾਂ ਝਿਜਕ ਕੁੱਦਕੇ ਇਸ ਨੂੰ ਕਾਮਯਾਬੀ ਦੀ ਟਿੱਸੀ ਉਤੇ ਪਹੁੰਚਾਉਣ ਦੇ ਫਰਜ ਨਿਭਾਉਣ ।

Leave a Reply

Your email address will not be published. Required fields are marked *