ਮੋਹਾਲੀ ਦੇ ਮੇਅਰ ਨੇ ਪਿਛਲੇ ਸਾਲ ਨਾਲੋਂ ਘੱਟ ਬਜਟ ਪੇਸ਼ ਕਰਕੇ ਆਪਣੀ ਅਯੋਗਤਾ ਦਿਖਾਈ

Uncategorized

ਸਾਧਨ ਜੁਟਾਉਣ ਦੀ ਨਹੀਂ ਸਮਰੱਥਾ ਤਾਂ ਅਸਤੀਫਾ ਦੇਣ: ਵਿਰੋਧੀ ਕੌਂਸਲਰ
ਮੋਹਾਲੀ: 29 ਫਰਵਰੀ,ਬੋਲੇ ਪੰਜਾਬ ਬਿਓਰੋ:
ਨਗਰ ਨਿਗਮ ਮੋਹਾਲੀ ਦੀ ਵਿਰੋਧੀ ਧਿਰ ਨੇ ਸਤਾਹਧਾਰੀ ਧਿਰ ਓੁੱਪਰ ਹਮਲਾ ਬੋਲਦਿਆਂ ਕਿਹਾ ਹੈ ਕਿ ਇਹ ਪਹਿਲੀ ਸਤਾਧਾਰੀ ਟੀਮ ਹੈ ਜਿਸਨੇ 2023-24 ਦੇ 173 ਕਰੋੜ ਦੇ ਬਜਟ ਸਰੋਤਾਂ ਨੂੰ 140 ਕਰੋੜ ਤੱਕ ਸੁਗੇੜ ਕੇ 33 ਕਰੋੜ ਤੋਂ ਉੱਪਰ ਘਟਾ ਦਿੱਤਾ ਹੈ ਅਤੇ ਅਗਲੇ ਸਾਲ ਦੇ 2024-25 ਦੇ ਬਜਟ ਨੂੰ ਨਵੇਂ ਸਰੋਤ ਜੁਟਾ ਕੇ 10% ਤੋਂ ਉੱਪਰ ਵਧਾ ਕੇ ਲਿਆਉਣਾ ਚਾਹੀਦਾ ਸੀ ਪਰ ਕਾਬਜ਼ ਟੀਮ ਨੇ ਪਿਛਲੇ ਸਾਲ ਰੱਖੇ ਬਜਟ ਤੋਂ ਵੀ ਪੰਜ ਕਰੋੜ ਘੱਟ ਦਾ ਬਜਟ ਪੇਸ਼ ਕਰਕੇ ਆਪਣੀ ਅਯੋਗਤਾ ਪ੍ਰਗਟ ਕੀਤੀ ਹੈ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਮਨਜੀਤ ਸਿੰਘ ਸੇਠੀ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਦੋਸ਼ ਲਾਇਆ ਕਿ ਇਸ ਸਾਲ ਦੇ ਬਜਟ ਦਾ 33 ਕਰੋੜ ਦਾ ਘਾਟਾ ਸਾਧਨਾਂ ਦੀ ਘਾਟ ਕਰਕੇ ਨਹੀਂ ਸਗੋਂ ਸਾਧਨਾਂ ਨੂੰ ਨਗਰ ਨਿਗਮ ਦੀ ਥਾਂ ਆਪਣੇ ਹਿੱਤਾਂ ਲਈ ਵਰਤਣ ਕਰਕੇ ਇਹ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਇਸ਼ਤਿਹਾਰਾਂ ਲਈ ਪੋਲਾਂ ਦੀ ਵਿੱਕਰੀ ਲਈ ਟੈਂਡਰ ਦੀਆਂ ਸ਼ਰਤਾਂ ਅਜਿਹੀਆਂ ਰੱਖੀਆਂ ਗਈਆਂ ਜਿਸ ‘ਤੇ ਕੋਈ ਸਹਿਮਤ ਨਾ ਹੋ ਸਕੇ ਅਤੇ ਟੈਂਡਰ ਨਾ ਹੋਣ ਦੀ ਸੂਰਤ ‘ਚ ਸਾਰੇ ਇਸ਼ਤਿਹਾਰ ਪੋਲਾਂ ਨੂੰ ਮਨਮਰਜ਼ੀ ਨਾਲ ਕਾਰਪੋਰੇਸ਼ਨ ਦੀ ਥਾਂ ਆਪਣੇ ਹਿੱਤਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਗਰਿਕਾਂ ਨੂੰ ਇਹ ਦੱਸਣਾ ਜਰੂਰੀ ਸੀ ਕਿ ਸਤਾਧਾਰੀ ਧਿਰ ਲੋਕਾਂ ਦੇ ਸਾਧਨਾਂ ਨੂੰ ਕਿਵੇਂ ਲੋਕਾਂ ਦੀ ਥਾਂ ਆਪਣੇ ਹਿੱਤਾਂ ਲਈ ਵਰਤ ਰਹੀ ਹੈ। ਇਸ ਮੌਕੇ ਤੇ ਸਾਬਕਾ ਡਿਪਟੀ ਮੇਅਰ ਅਤੇ ਕੌਂਸਲਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਜਦੋ -ਜਹਿਦ ਕਰਨ ਵਾਲੇ ਹਰ ਕੌਂਸਲਰ ਦੇ ਨਾਲ ਖੜੇ ਹਨ, ਕੌਂਸਲਰ ਮਨਜੀਤ ਸਿੰਘ ਸੇਠੀ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਬੁਰਾ ਹਾਲ ਹੈ, ਸ਼ਹਿਰ ਦੇ ਵਸਿੰਦਿਆਂ ਨੂੰ ਆ ਰਹੀਆਂ ਸਮੱਸਿਆਵਾਂ ਨਾਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਕੋਈ ਲੈਣ- ਦੇਣ ਨਹੀਂ ਹੈ।
ਇਹਨ੍ਹਾਂ ਕੌਂਸਲਰਾਂ ਨੇ ਅੱਗੇ ਕਿਹਾ ਕਿ ਸਹਿਰ ਦੀ ਸਫਾਈ ਦਾ ਮੰਦਾ ਹਾਲ ਹੈ। ਸੀਵਰੇਜ਼ ਦੀ ਮਾੜੀ ਹਾਲਤ ਹੈ। ਹਰ ਵਾਰਡ ‘ਚ ਸਫਾਈ ਕਰਮਚਾਰੀਆਂ ਦੀ ਗਿਣਤੀ ਕਾਗਜ਼ਾਂ ਵਿੱਚ ਭਾਵੇਂ ਵੱਧ ਹੈ ਪਰ ਅਸਲੀਅਤ ਵਿੱਚ ਇਹ ਕਰਮਚਾਰੀ ਵਾਰਡਾਂ ‘ਚ ਕੰਮ ਕਰਨ ਦੀ ਥਾਂ ਕਿਧਰੇ ਹੋਰ ਕੰਮ ਕਰ ਰਹੇ ਹਨ ਅਤੇ ਤਿੰਨ ਮਹੀਨੇ ਤੋਂ ਮਕੈਨੀਕਲ ਸਫਾਈ ਲਈ ਖਰੀਦੀ ਜਾਣ ਵਾਲੀ ਮਸ਼ੀਨ ਵੀ ਨਹੀਂ ਖ੍ਰੀਦੀ ਜਾ ਰਹੀ। ਉਨ੍ਹਾਂ ਕਿਹਾ ਕਿ ਡਿਪਟੀ ਮੇਅਰ ਨੇ ਕਾਰਪੋਰੇਸ਼ਨ ਦੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਮਸ਼ੀਨ ਦੀ ਖ੍ਰੀਦ ਲੇਟ ਕਰਨ ਦਾ ਕਾਰਨ ਵੀ ਪੁੱਛਿਆ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਖੁਦ ਮੇਅਰ ਟੀਮ ਦੇ ਮੈਂਬਰ ਹਨ ਤੇ ਚਿੱਠੀਆਂ ਲਿਖ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਦੀ ਮੀਟਿੰਗ ‘ਚ ਸਤਾਹਧਾਰੀ ਧਿਰ ਦੀ ਨਲਾਇਕੀ ਨੂੰ ਉਜਾਗਰ ਕੀਤਾ ਜਾਵੇਗਾ।
ਇਸ ਮੌਕੇ ਤੇ ਕੌਂਸਲਰ ਗੁਰਮੀਤ ਕੌਰ, ਕੌਂਸਲਰ- ਰਮਨਪ੍ਰੀਤ ਕੌਰ ਕੰਬੜਾ, ਕੌਂਸਲਰ -ਅਰੁਣਾ ਵਿਸਿਸਟ, ਕੌਂਸਲਰ -ਗੁਰਪ੍ਰੀਤ ਕੌਰ, ਕੌਂਸਲਰ ਰਵਿੰਦਰ ਸਿੰਘ ਬਿੰਦਰਾ, ਕੌਂਸਲਰ ਹਰਜੀਤ ਸਿੰਘ ਸੁਹਾਣਾ ਵੈਦਵਾਨ, ਕੌਂਸਲਰ ਪ੍ਰਮੋਦ ਮਿੱਤਰਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *