ਨਵੀਂ ਦਿੱਲੀ, 3 ਮਾਰਚ, ਬੋਲੇ ਪੰਜਾਬ ਬਿਊਰੋ :
ਰਾਜਧਾਨੀ ਦਿੱਲੀ ਦੇ ਬਦਰਪੁਰ ਇਲਾਕੇ ਵਿੱਚ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਫਿਲਹਾਲ ਤਿੰਨ ਹਸਪਤਾਲ ‘ਚ ਦਾਖਲ ਹਨ, ਜਦਕਿ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀ ਅਤੇ ਮ੍ਰਿਤਕ ਫਰੀਦਾਬਾਦ ‘ਚ ਇਕ ਰਿਸੈਪਸ਼ਨ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਦੇਰ ਰਾਤ ਦਿੱਲੀ ਪਰਤ ਰਹੇ ਸਨ।ਉਸੇ ਸਮੇਂ ਇਹ ਹਾਦਸਾ ਵਾਪਰਿਆ।ਮਾਮਲੇ ਦੀ ਪੁਸ਼ਟੀ ਕਰਦਿਆਂ ਡੀਸੀਪੀ ਸਾਊਥ ਈਸਟ ਰਾਜੇਸ਼ ਦੇਵ ਨੇ ਦੱਸਿਆ ਕਿ ਪੀਸੀਆਰ ਕੰਟਰੋਲ ਰੂਮ ਨੂੰ ਰਾਤ 12:48 ਵਜੇ ਹਾਦਸੇ ਦੀ ਸੂਚਨਾ ਦਿੱਤੀ ਗਈ।
ਪੁਲਸ ਟੀਮ ਪਹੁੰਚੀ ਤਾਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਯੂਪੀ ਨੰਬਰ ਦੀ ਆਲਟੋ ਕਾਰ ਫਰੀਦਾਬਾਦ ਤੋਂ ਦਿੱਲੀ ਆ ਰਹੀ ਸੀ। ਇਸ ‘ਚ ਸਵਾਰ ਲੋਕ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਕਾਰ ‘ਚ 7 ਲੋਕ ਸਵਾਰ ਸਨ, ਬਦਰਪੁਰ ਫਲਾਈਓਵਰ ‘ਤੇ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਜਾ ਕੇ ਇਕ ਟਰੱਕ ਨਾਲ ਟਕਰਾ ਗਈ।ਕਾਰ ‘ਚ ਸਵਾਰ 7 ਲੋਕ ਗੰਭੀਰ ਜ਼ਖਮੀ ਹੋ ਗਏ। ਸਾਰਿਆਂ ਨੂੰ ਏਮਜ਼ ਦੇ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਤਿੰਨਾਂ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਚੌਥੇ ਦੀ ਹਾਲਤ ਗੰਭੀਰ ਬਣੀ ਹੋਈ ਹੈ।