6 ਮੈਂਬਰੀ ਕਮੇਟੀ ਦੀ ਅੱਠ ਨੁਕਾਤੀ ਤਜਵੀਜ਼ ਲੈ ਕੇ ਭਾਕਿਯੂ ਉਗਰਾਹਾਂ ਦੇ ਆਗੂ ਮੋਰਚੇ ਦੇ ਆਗੂਆਂ ਨੂੰ ਮਿਲ਼ੇ

Uncategorized

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਕਮੇਟੀ ਦਾ ਅੱਠ ਨੁਕਾਤੀ ਤਜਵੀਜ਼ ਪੱਤਰ ਲੈ ਕੇ ਭਾਕਿਯੂ ਉਗਰਾਹਾਂ ਦੇ ਆਗੂ ਸ਼ੰਭੂ/ਖਨੌਰੀ ਮੋਰਚੇ ਦੇ ਆਗੂਆਂ ਨੂੰ ਮਿਲ਼ੇ। ਪੰਜਾਬ ‘ਚ ਸੰਘਰਸ਼ਸ਼ੀਲ ਕਿਸਾਨ ਫਰੰਟਾਂ ਦੀ ਤਾਲਮੇਲਵੀਂ ਇਕਜੁਟਤਾ ਦਾ ਮੁੱਢਲਾ ਅਮਲ ਸ਼ੁਰੂ ਕੀਤਾ ਗਿਆ ਹੈ। ਭਾਕਿਯੂ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ 22 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਇਸ ਮਕਸਦ ਲਈ 6 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਜਥੇਬੰਦੀ ਦੇ ਤਿੰਨ ਸੂਬਾ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਤੇ ਰੂਪ ਸਿੰਘ ਛੰਨਾਂ ਵੱਲੋਂ ਪਹਿਲਾਂ 26 ਫਰਵਰੀ ਨੂੰ ਸਰਵਣ ਸਿੰਘ ਪੰਧੇਰ, ਸਤਨਾਮ ਸਿੰਘ ਸਾਹਨੀ ਤੇ ਅਮਰ ਮਾਂਗਟ (ਯੂ ਪੀ) ਨੂੰ ਮਿਲ ਕੇ ਇਸ ਤਜਵੀਜ਼ ਉੱਤੇ ਵਿਚਾਰ ਚਰਚਾ ਕੀਤੀ ਗਈ। ਫਿਰ ਇੱਕ ਅੱਠ ਨੁਕਾਤੀ ਤਜਵੀਜ਼ ਪੱਤਰ ਤਿਆਰ ਕਰਕੇ 6 ਮੈਂਬਰੀ ਕਮੇਟੀ ਵੱਲੋਂ ਪਾਸ ਕੀਤਾ ਗਿਆ। ਇਸ ਤਜਵੀਜ਼ ਪੱਤਰ ਨੂੰ ਲੈ ਕੇ ਦੁਬਾਰਾ 1 ਮਾਰਚ ਨੂੰ ਸਰਵਣ ਸਿੰਘ ਪੰਧੇਰ, ਮਨਜੀਤ ਰਾਏ ਤੇ ਅਮਰਜੀਤ ਹਰਿਆਣਾ ਤੋਂ ਵੱਖਰੇ ਤੌਰ ‘ਤੇ ਸੁਰਜੀਤ ਸਿੰਘ ਫੂਲ ਤੇ ਸੁਖਵਿੰਦਰ ਕੌਰ ਨੂੰ ਮਿਲਿਆ ਗਿਆ। 27 ਫਰਵਰੀ ਨੂੰ ਸਾਥੀ ਡੱਲੇਵਾਲ ਦੀ ਜਥੇਬੰਦੀ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੂੰ ਉਸਦੇ ਸਾਥੀਆਂ ਸਮੇਤ ਮਿਲਿਆ ਗਿਆ। ਕੁੱਲ ਮਿਲਾ ਕੇ ਸਭ ਦਾ ਹੁੰਗਾਰਾ ਹਾਂ ਪੱਖੀ ਸੀ, ਪ੍ਰੰਤੂ ਸੰਯੁਕਤ ਕਿਸਾਨ ਮੋਰਚਾ ਗੈਰਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਫੋਰਮ ਦੀ ਬਾਕਾਇਦਾ ਮੀਟਿੰਗ ਕਰਕੇ ਹੀ ਅੰਤਿਮ ਫੈਸਲਾ ਕਰਨ ਦੀ ਅਸੂਲੀ ਗੱਲ ਕਹੀ ਗਈ। ਤਾਲਮੇਲਵੀਂ ਇਕਜੁਟਤਾ ਦੇ ਅਸੂਲਾਂ ਵਿੱਚ ਦਿੱਲੀ ਘੋਲ਼ ਦੌਰਾਨ 26 ਜਨਵਰੀ 2021 ਮੌਕੇ ਸਾਥੀ ਪੰਧੇਰ ਦੀ ਜਥੇਬੰਦੀ ਵੱਲੋਂ ਲਾਲ ਕਿਲ੍ਹੇ ਵਾਲੀ ਗਲਤ ਕਾਰਵਾਈ ਅਤੇ ਸਾਥੀ ਡੱਲੇਵਾਲ ਵੱਲੋਂ ਆਪਸੀ ਮਤਭੇਦ ਸੰਯੁਕਤ ਮੋਰਚੇ ਦੇ ਅੰਦਰ ਬਹਿਸ ਵਿਚਾਰ ਰਾਹੀਂ ਹੱਲ ਕਰਨ ਦੀ ਬਜਾਏ ਮੋਰਚੇ ਨਾਲੋਂ ਅਲਹਿਦਗੀ ਤੋਂ ਇਲਾਵਾ ਫਿਰਕਾਪ੍ਰਸਤ, ਹੁੱਲ੍ਹੜਬਾਜ ਫੁੱਟਪਾਊ ਤੇ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਨਿਰਲੇਪਤਾ ਵਾਲੇ ਤਿੰਨ ਅਸੂਲਾਂ ਉੱਤੇ ਵਿਚਾਰ ਚਰਚਾ ਦੌਰਾਨ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ ਗਿਆ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।