ਆਂਗਣਵਾੜੀ ਕੇਂਦਰਾਂ ਦੀਆਂ ਪੂਰਨ ਸੇਵਾਂ ਦੀ ਵਾਪਿਸੀ ਲਈ ਗੱਜੀਆਂ ਆਂਗਣਵਾੜੀ ਵਰਕਰ ਹੈਲਪਰ

Uncategorized

ਚੰਡੀਗੜ੍ਹ 4 ਮਾਰਚ,ਬੋਲੇ ਪੰਜਾਬ ਬਿਓਰੋ:
 ਜੇਕਰ ਅੱਜ ਮੰਗਾਂ ਦਾ ਹੱਲ ਤੁਰੰਤ ਨਾ ਕੀਤਾ ਗਿਆ ਤਾਂ ਅਗਲੀ ਰਣਨੀਤੀ ਬਣਾ ਪਿੰਡ ਪੱਧਰ ਤੇ ਕੀਤਾ ਜਾਵੇਗਾ ਵਿਰੋਧ। 
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਆਕਾਸ਼ ਗੰਜਾਊ ਨਾਰਿਆਂ ਨਾਲ ਹੱਥਾਂ ਵਿੱਚ ਮਾਟੋ ਅਤੇ ਝੰਡੇ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦਾ ਕੀਤਾ ਆਗਾਜ਼ । ਅੱਜ ਦੀ ਇਸ ਵਿਸ਼ਾਲ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਹਰ ਵਰਗ ਸੰਘਰਸ਼ ਵਿੱਚ ਹੈ । ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਦੋਵੇਂ ਹੀ ਕਾਰਪੋਰੇਟ ਨੂੰ ਮਜਬੂਤ ਕਰਨ ਵਾਲੀਆਂ ਹਨ ਲਗਾਤਾਰ ਅਮੀਰੀ ਵਿੱਚ ਤਾਂ ਅਸੀਂ ਸੰਸਾਰ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਲਿਆ ਹੈ। ਪਰ ਭੁੱਖਮਰੀ ਵਿੱਚ ਅਸੀਂ 137ਵੇਂ ਸਥਾਨ ਤੇ ਆ ਗਏ ਹਾਂ। ਅੱਜ ਦੇਸ਼ ਵਿੱਚ ਕੁਪੋਸ਼ਣ ਦਰ ਪਹਿਲਾ ਨਾਲੋਂ ਵੀ ਜਿਆਦਾ ਵੱਧ ਗਈ ਹੈ । ਕੁਪੋਸ਼ਣ ਨੂੰ ਦੂਰ ਕਰਨ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ। ਪਰ ਸੱਚਮੁੱਚ ਕੁਪੋਸ਼ਣ ਨੂੰ ਦੂਰ ਕਰਨ ਵਾਸਤੇ ਕੇਂਦਰ ਸਰਕਾਰ ਵੱਲੋਂ ਬਣਦਾ ਬਜਟ ਵੀ ਪੂਰਾ ਜਾਰੀ ਨਹੀਂ ਕੀਤਾ ਜਾਂਦਾ । ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਵੀ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ। ਮਾਣਯੋਗ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਹੀ ਰੱਖਣ ਦਾ ਵਿਸ਼ਵਾਸ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਆਂਗਣਵਾੜੀ ਕੇਂਦਰਾਂ ਦੀ ਰੀੜ ਦੀ ਹੱਡੀ ਖੋ ਕੇ ਸਕੂਲਾਂ ਵਿੱਚ ਭਰਤੀ ਕਰਨ ਦਾ ਆਨਲਾਈਨ ਐਲਾਨ ਹੁੰਦਾ ਹੈ ।ਜੋ ਕਿ ਚਾਇਲਡ ਰਾਇਟ ਦਾ ਘਾਣ ਹੈ। ਬੱਚਿਆਂ ਦੇ ਚੌਂ ਪੱਖੀ ਵਿਕਾਸ ਲਈ ਜਰੂਰੀ ਹੈ ਕਿ ਬੱਚੇ ਨੂੰ ਪੰਜ ਸਾਲ ਤੱਕ ਰਸਮੀ ਵਿਦਿਆ ਵਿੱਚ ਸ਼ਾਮਿਲ ਨਾ ਕਰਦੇ ਹੋਏ ਬਚਪਨ ਨੂੰ ਵਧਣ ਫੁਲਣ ਦਿੱਤਾ ਜਾਵੇ ।
ਜਥੇਬੰਦੀ ਦੇ ਜਰਨਲ ਸਕੱਤਰ ਸੁਭਾਸ਼ ਰਾਣੀ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਜੇਕਰ ਅਸੀਂ ਕਰੋਨਾ ਦੇ ਦਿਨਾਂ ਨੂੰ ਨੋਟ ਕਰੀਏ ਤਾਂ ਬੱਚੇ ਘਰਾਂ ਵਿੱਚ ਰਹਿ ਕੇ ਔਸਤਨ ਲੰਬੇ ਅਤੇ ਸਵਸਥ ਹੋਏ ਹਨ ।ਪਰ ਪੰਜਾਬ ਸਰਕਾਰ ਵੱਲੋਂ ਨਰਸਰੀ ਦੇ ਨਾਮ ਤੇ ਸਕੂਲਾਂ ਵਿੱਚ ਭਰਤੀ ਨਾਲ ਆਂਗਣਵਾੜੀਆਂ ਦੀ ਮਹੱਤਤਾ ਖਤਮ ਹੋ ਜਾਂਦੀ ਹੈ । ਕਿਉਂਕਿ 1975 ਵਿੱਚ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਸ਼ੁਰੂ ਕਰਨ ਦਾ ਮਹੱਤਵ ਇਹੋ ਸੀ ਕਿ ਬੱਚੇ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਉਹ ਖੇਡ ਵਿਧੀ ਦੁਆਰਾ ਹੀ ਸਕੂਲ ਲਈ ਤਿਆਰ ਹੋ ਸਕੇ । ਕਿਉਂਕਿ ਮਾਹਰਾਂ ਦਾ ਮੰਨਣਾ ਹੈ ਕਿ ਬੱਚੇ ਦਾ ਸਰੀਰਕ ਅਤੇ ਦਿਮਾਗੀ ਵਿਕਾਸ ਪਹਿਲੇ ਪੰਜ ਸਾਲਾਂ ਵਿੱਚ 80% ਹੋ ਜਾਂਦਾ ਹੈ। ਆਂਗਣਵਾੜੀ ਵਰਕਰ ਹੈਲਪਰ ਦੀਆਂ ਸੇਵਾਵਾਂ ਸਦਕਾਂ ਹੀ ਅੱਜ ਦੇਸ਼ ਵਿੱਚ ਗਾਲ ਘੋਟੂ, ਤਪਦਿਕ, ਪੋਲੀਓ ਮੁਕਤ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਅਤੇ ਮ੍ਰਿਤਿੂ ਦਰ ਘਟੀ ਹੈ। ਪਰ ਸਰਕਾਰਾਂ ਦੀਆਂ ਨੀਤੀਆਂ ਲਗਾਤਾਰ ਆਂਗਣਵਾੜੀ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ । ਜਿਸ ਨੂੰ ਲੈ ਕੇ ਪ੍ਰਦੇਸ਼ ਦੀਆਂ 54 ਹਜਾਰ ਵਰਕਰਾਂ ਹੈਲਪਰਾਂ ਵਿੱਚ ਤਿੱਖਾ ਰੋਸ ਹੈ ਕਿਉਂਕਿ ਸਰਕਾਰ ਦੀ ਇਹ ਪ੍ਰਕਿਰਿਆ ਆਂਗਣਵਾੜੀ ਕੇਂਦਰਾਂ ਨੂੰ ਖਾਤਮੇ ਵੱਲ ਲੈ ਕੇ ਜਾਣ ਵਾਲੀ ਹੈ। ਜੇਕਰ ਸਿੱਖਿਆ ਦਾ ਮਿਆਰ ਵੇਖਿਆ ਜਾਵੇ ਤਾਂ ਲਗਾਤਾਰ ਪ੍ਰਾਈਵੇਟ ਅਦਾਰਿਆਂ ਵੱਲ ਵੱਧ ਰਿਹਾ ਹੈ । ਗਰੀਬ ਤੋਂ ਗਰੀਬ ਵੀ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇਣ ਲਈ ਕਾਨਵੈਂਟ ਸਕੂਲਾਂ ਵਿੱਚ ਪੜਾਉਣਾ ਜਰੂਰੀ ਸਮਝਦਾ ਹੈ । ਇਸ ਉੱਤੇ ਵੀ ਬਹੁਤ ਘੋਖ ਕਰਨ ਦੀ ਜਰੂਰਤ ਹੈ। ਖਾਲੀ ਵੱਡੇ ਵੱਡੇ ਹੋਲਡਿੰਗ ਅਤੇ ਇਸ਼ਤਿਹਾਰ ਲਾ ਕੇ ਇਸ ਮਿਆਰ ਨੂੰ ਬਦਲਿਆ ਨਹੀਂ ਜਾ ਸਕਦਾ । ਆਗੂਆ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੀ ਰੌਣਕਾਂ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਵਾਪਸੀ ਅਤੇ ਸਕੂਲ ਲਿਵਿੰਗ ਸਰਟੀਫਿਕੇਟ ਜਾਰੀ ਕਰਾਉਣ ਲਈ। ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਮਾਣਭੱਤੇ ਵਿੱਚ ਦੁਗਣਾ ਵਾਧਾ ਕਰਨ ਦੀ ਗਰੰਟੀ ਲਾਗੂ ਕਰਾਉਣ ਲਈ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਵਰਕਰ ਹੈਲਪਰ ਨੂੰ ਗ੍ਰੈਜਟੀ ਦਾ ਪ੍ਰਬੰਧ ਕੀਤਾ ਜਾਵੇ ਆਦਿ । ਤਿੰਨ ਜ਼ਿਲ੍ਹਿਆਂ ਹੁਸ਼ਿਆਰਪੁਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੀ ਐਨ ਜੀ ਓ ਨੂੰ ਦਿੱਤੀ ਸਪਲੀਮੈਂਟਰੀ ਨਿਊਟਰੇਸ਼ਨ ਤੁਰੰਤ ਵਾਪਸ ਵਿਭਾਗ ਦੁਆਰਾ ਦੇਣੀ ਸੁਨਿਸ਼ਚਿਤ ਕੀਤੀ ਜਾਵੇ ।ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਪਹੁੰਚੀਆਂ ਵਰਕਰਾਂ ਹੈਲਪਰਾਂ ਨੇ ਕਿਹਾ ਕਿ ਜੇਕਰ ਹੱਲ ਤੁਰੰਤ ਨਾ ਹੋਇਆ ਆਉਣ ਵਾਲੇ ਸਮੇਂ ਵਿੱਚ ਨਵੀਂ ਰਣਨੀਤੀ ਬਣਾਉਂਦੇ ਹੋਏ ਪਿੰਡ ਪੱਧਰ ਤੇ ਆਪ ਸਰਕਾਰ ਦੇ ਨੁਮਾਇੰਦਿਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ । ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕੀਤਾ ਕ੍ਰਿਸ਼ਨਾ ਕੁਮਾਰੀ ਮੀਤ ਪ੍ਰਧਾਨ ਗੁਰਮੀਤ ਕੌਰ ਗੁਰਿੰਦਰ ਕੌਰ ਗੁਰਬਖਸ਼ ਕੌਰ ਅਨੂਪ ਕੌਰ ਬਲਰਾਜ ਕੌਰ ਭਿੰਡਰ ਕੌਰ ਗੌਸਲ, ਸੁਰਜੀਤ ਕੌਰ ਸਕੱਤਰ, ਮਨਦੀਪ ਕੁਮਾਰੀ, ਤ੍ਰਿਸ਼ਨਜੀਤ ਕੌਰ, ਗੁਰਦੀਪ ਕੌਰ , ਨਿਰਲੇਪ ਕੌਰ, ਜਸਵਿੰਦਰ ਕੌਰ,ਰਾਜ ਕੌਰ ,ਪ੍ਰਕਾਸ਼ ਕੌਰ ਸੋਹੀ, ਵਰਿੰਦਰ ਕੌਰ, ਲਖਵਿੰਦਰ ਕੌਰ ਨਵਾਂ ਸ਼ਹਿਰ, ਕਾਨਤਾ ਰਾਣੀ ਮਮਦੋਟ, ਕ੍ਰਿਸ਼ਨਾ ਔਲਖ, ਸਤਵੰਤ ਕੌਰ ਕਪੂਰਥਲਾ, ਰਣਜੀਤ ਕੌਰ, ਖੁਸ਼ਦੀਪ ਸ਼ਰਮਾਂ,ਸ਼ਾਂਤੀ ਦੇਵੀ,ਨਰਿੰਦਰ ਕੌਰ  ਵੀਰਪਾਲ ਵਲਟੋਹਾ ।

Leave a Reply

Your email address will not be published. Required fields are marked *