ਮੋਹਾਲੀ ਦੇ ਪਤੀ-ਪਤਨੀ ਠੱਗ ਏਜੰਟ ਨੇ ਲੋਕਾਂ ਨੂੰ ਲਾਇਆ ਕਰੀਬ 200 ਕਰੋੜ ਦਾ ਚੂਨਾ

Uncategorized

ਯੈਲੋਲੀਫ ਇੰਮੀਗ੍ਰੇਸ਼ਨ, ਮੂਵ ਟੂ ਅਬਰੌਡ, ਵੀਜ਼ਾਲੈਂਡ ਨਾਂ ਦੀਆਂ ਕੰਪਨੀਆਂ ਬੰਦ ਕਰਕੇ ਫਰਾਰ
 ਸਰਕਾਰ ਨੂੰ ਵੀ ਲਾਇਆ ਕਰੋੜਾਂ ਰੁਪਿਆਂ ਦਾ ਜੀਐਸਟੀ ਦਾ ਚੂਨਾ
ਐਸ.ਏ.ਐਸ. ਨਗਰ, 6 ਮਾਰਚ ,ਬੋਲੇ ਪੰਜਾਬ ਬਿਓਰੋ: ਪੰਜਾਬ ਭਰ ਦੇ ਭੋਲੇ ਭਾਲੇ ਲੋਕਾਂ ਅਤੇ ਨੋਜਵਾਨਾਂ ਨੂੰ ਵਿਦੇਸ਼ ਜਾਣ ਦੇ ਸਬਜ਼ਬਾਗ ਦਿਖਾ ਕੇ ਮੋਹਾਲੀ ਵਿੱਚ ਵੱਖ ਵੱਖ ਨਾਵਾਂ ਉਤੇ ਫਰਜ਼ੀ ਇੰਮੀਗ੍ਰੇਸ਼ਨ ਕੰਪਨੀਆਂ ਬਣਾ ਕੇ ਲੋਕਾਂ ਦੇ ਕਰੋੜਾਂ ਰੁਪਿਆ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮੋਹਾਲੀ ਪ੍ਰੈੱਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਪੀੜ੍ਹਤ ਪਰਿਵਾਰਾਂ ਦੀ ਨੁਮਾਇੰਦੀ ਕਰਦੇ ਸੁਖਦੇਵ ਸਿੰਘ, ਸਾਉਣ ਸਿੰਘ, ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਸਥਿਤ ਕਰੀਬ 6-7 ਨਾਮਵਰ ਕੰਪਨੀਆਂ ਜਿਵੇਂ ਵੀਜ਼ਾਲੈਂਡ, ਯੈਲੋਲੀਫ ਇੰਮੀਗ੍ਰੇਸ਼ਨ, ਸਰਦਾਰ ਵੀਜ਼ਾ ਹਾਊਸ, ਹੀਰਾ ਕੰਸਲਟੈਂਸੀ, ਵਾਸਟ ਓਵਰਸੀਜ਼, ਮੂਵ ਟੂ ਅਬਰੌਡ ਚੰਡੀਗੜ੍ਹ ਆਦਿ ਦੇ ਮਾਲਕ ਕੁਲਵੀਰ ਸਿੰਘ ਕੌੜਾ ਅਤੇ ਉਸਦੀ ਪਤਨੀ ਰੀਤ ਕੌੜਾ ਨੇ ਆਪਣੇ ਜਾਣਕਾਰਾਂ ਦੇ ਨਾਮ ਉਤੇ ਵੱਖੋ ਵੱਖਰੇ ਲਾਇਸੰਸ ਹਾਸਲ ਕਰਕੇ ਪੰਜਾਬ ਦੀ ਆਮ ਜਨਤਾ ਤੇ ਨੌਜਵਾਨੀ ਤੋਂ ਕਥਿਤ ਤੌਰ ਉਤੇ ਧੋਖੇ ਨਾਲ ਲੱਖਾਂ-ਕਰੋੜਾਂ ਰੁਪਏ ਇਕੱਠੇ ਕਰਕੇ ਬਰਬਾਦੀ ਕੰਢੇ ਖੜਾ ਕਰ ਦਿੱਤਾ ਹੈ। ਪੀੜ੍ਹਤਾਂ ਨੇ ਦੱਸਿਆ ਕਿ ਉਪਰੋਕਤ ਮਾਲਕਾਂ ਵਲੋਂ ਵੱਖ ਵੱਖ ਕੰਪਨੀਆਂ ਦੇ ਮੋਹਾਲੀ ਅਤੇ ਚੰਡੀਗੜ੍ਹ ਵਿਚ ਦਫ਼ਤਰ ਖੋਲ੍ਹ ਕੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਕੇ ਅਤੇ ਜ਼ਾਅਲੀ ਵੀਜ਼ੇ, ਆਫਰ ਲੈਟਰਾਂ ਰਾਹੀਂ ਲੋਕਾਂ ਤੋਂ ਪੈਸੇ ਲੁੱਟ ਕੇ ਬਾਅਦ ਵਿਚ ਦਫ਼ਤਰਾਂ ਨੂੰ ਬੰਦ ਕਰ ਦਿੰਦੇ ਸਨ।
ਉਹਨਾਂ ਅੱਗੇ ਦੱਸਿਆ ਕਿ ਇਹ ਠੱਗ ਏਜੰਟ ਸਰਕਾਰੀ ਲਾਇਸੈਂਸ ਲੈ ਕੇ ਸਰਕਾਰ ਨੂੰ ਘੱਟੋ ਘੱਟ 20 ਤੋਂ 30 ਕਰੋੜ ਰੁਪਏ ਤੱਕ ਦਾ ਚੂਨਾ ਵੀ ਲਾ ਚੁੱਕੇ ਹਨ ਪਰ ਇਹ ਅੱਜ ਵੀ ਪ੍ਰਸ਼ਾਸਨ ਅਤੇ ਇਨਕਮ ਟੈਕਸ ਵਿਭਾਗ ਤੋਂ ਬਚਦੇ ਆ ਰਹੇ ਹਨ। ਇਥੇ ਹੀ ਬੱਸ ਨਹੀਂ ਬੀਤੇ ਦਿਨੀਂ ਕੁਲਵੀਰ ਸਿੰਘ ਕੌੜਾ ਵਲੋਂ ਯੈਲੋਲੀਫ ਦੇ ਬੈਂਕ ਖਾਤੇ ਵਿਚੋਂ ਕਰੀਬ 3.15 ਕਰੋੜ ਰੁਪਏ ਦੀ ਰਕਮ ਕਿਸੇ ਵਿਦੇਸ਼ੀ ਖਾਤੇ ਵਿਚ ਟਰਾਂਸਫਰ ਕਰਨ ਦੇ ਵੀ ਸਬੂਤ ਹਨ। ਉਹਨਾਂ ਕਿਹਾ ਕਿ ਉਪਰੋਕਤ ਮਾਲਕ ਵਲੋਂ ਹਵਾਲੇ ਰੈਕਟ ਨਾਲ ਸਬੰਧ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੇ ਥਾਪੜੇ ਸਦਕਾ ਹੀ ਇਹ ਠੱਗ ਏਜੰਟ ਅਮਰਵੇਲ ਦੀ ਤਰ੍ਹਾਂ ਵਧੇ ਹਨ। ਪਰੰਤੂ ਮੌਜੂਦਾ ਸਰਕਾਰ ਨੂੰ ਸਭ ਪਤਾ ਹੋਣ ਦੇ ਬਾਵਜੂਦ ਅਤੇ ਸਾਡੇ ਵਲੋਂ ਵਾਰ ਵਾਰ ਪਹੁੰਚ ਕਰਨ ਤੋਂ ਬਾਅਦ ਵੀ ਇਹ ਠੱਗ ਏਜੰਟ ਆਮ ਲੋਕਾਂ ਨੂੰ ਲੁੱਟਣ, ਪੁਲਿਸ-ਪ੍ਰਸ਼ਾਸਨ ਦੀ ਨਜ਼ਰ ਵਿਚ ਅੱਖੀਂ ਘੱਟਾ ਪਾਉਣ ਅਤੇ ਸ਼ਰ੍ਹੇਆਮ ਖੁੱਲ੍ਹੇ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਠੱਗ ਏਜੰਟਾਂ ਵਲੋਂ ਚੂਸੇ ਜਾ ਰਹੇ ਲੋਕਾਂ ਦੇ ਖੂਨ ਦੇ ਧੱਬੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਚਿੱਟੇ ਕੱਪੜਿਆਂ ਨੂੰ ਕਲੰਕਿਤ ਕਰ ਦੇਣਗੇ।
ਉਹਨਾਂ ਕਿਹਾ ਕਿ ਇਸ ਸਬੰਧੀ ਦਰਖਾਸਤ ਦੇਣ ਲਈ ਉਹ ਮੋਹਾਲੀ ਦੇ ਐਸ.ਐਸ.ਪੀ. ਸਾਹਿਬ, ਐਸ.ਐਚ.ਓ. ਮਟੌਰ ਅਤੇ ਐਸ.ਐਚ.ਓ. ਐਰੋਸਿਟੀ, ਮੋਹਾਲੀ ਨੂੰ ਵੀ ਮਿਲੇ ਹਨ। ਉਹਨਾਂ ਉਕਤ ਏਜੰਟਾਂ ਦੇ ਕਈ ਖਾਤੇ ਫਰੀਜ਼ ਕਰਨ ਦੀ ਵੀ ਗੱਲ ਕਹੀ ਅਤੇ ਕਿਹਾ ਕਿ ਪੁਲਿਸ ਵਲੋਂ ਹੋਰ ਤਫਤੀਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨਾਲ ਹੀ ਪੁਲਿਸ ਵਿਭਾਗ ਦੇ ਉਪਰੋਕਤ ਠੱਗ ਏਜੰਟ ਨਾਲ ਕਥਿਤ ਮਿਲੀਭੁਗਤ ਦਾ ਵੀ ਸ਼ੱਕ ਜ਼ਾਹਿਰ ਕੀਤਾ।
ਉਪਰੋਕਤ ਪੀੜ੍ਹਤਾਂ ਨੇ ਸਰਕਾਰ ਦੇ ਮੰਗ ਕੀਤੀ ਹੈ ਕਿ ਠੱਗ ਏਜੰਟ ਕੁਲਵੀਰ ਸਿੰਘ ਕੌੜਾ ਅਤੇ ਉਸਦੀ ਪਤਨੀ ਰੀਤ ਕੌੜਾ ਵਲੋਂ ਲੋਕਾਂ ਦੇ ਠੱਗੇ ਪੈਸੇ ਤੁਰੰਤ ਵਾਪਸ ਕਰਵਾਏ ਜਾਣ ਅਤੇ ਉਪਰੋਕਤ ਏਜੰਟਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਉਹਨਾਂ ਨਾਲ ਹੀ ਸਰਕਾਰ ਤੋਂ ਪੰਜਾਬ ਦੇ ਇੰਮੀਗ੍ਰੇਸ਼ਨਾਂ ਦੀ ਪੋਰਟਲ ਬਣਾਉਣ ਦੀ ਵੀ ਮੰਗ ਕੀਤੀ ਤਾਂ ਜੋ ਹਰੇਕ ਆਮ ਆਦਮੀ ਉਹਨਾਂ ਬਾਰੇ ਜਾਣ ਸਕੇ।
ਉਹਨਾਂ ਅੱਗੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ 15 ਮਾਰਚ 2024 ਤੱਕ ਕੋਈ ਕਾਰਵਾਈ ਨਾ ਕੀਤੀ, ਤਾਂ ਉਹ ਸ਼ਾਂਤੀਪੂਰਵਕ ਸਮੂਹ ਪੀੜ੍ਹਤ ਪਰਿਵਾਰਾਂ ਨਾਲ ਮਿਲ ਕੇ ਮੋਹਾਲੀ ਵਿਚ ਵੱਖ ਵੱਖ ਥਾਵਾਂ ਉਤੇ ਧਰਨੇ ਲਾਉਣਗੇ।
ਜਦੋਂ ਅਸੀਂ ਇਸ ਸਬੰਧੀ ਇੰਮੀਗ੍ਰੇਸ਼ਨ ਏਜੰਟ ਦੇ ਵੱਖ ਵੱਖ ਮੋਬਾਇਲ ਨੰਬਰਾਂ, ਜੋ ਕਿ ਲੋਕਾਂ ਨੂੰ ਦਿੱਤੇ ਹੋਏ ਸਨ, ਉਤੇ ਸੰਪਰਕ ਕਰਨ ਚਾਹਿਆ, ਤਾਂ ਸਮੂਹ ਮੋਬਾਇਲਾਂ ਉਤੇ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਰਾਬਤਾ ਕਾਇਮ ਨਹੀਂ ਹੋ ਸਕਿਆ।

Leave a Reply

Your email address will not be published. Required fields are marked *