ਹਰਮੀਤ ਸਿੰਘ ਕਾਲਕਾ ਨੇ ਪਰਮਜੀਤ ਸਿੰਘ ਸਰਨਾ ਵੱਲੋਂ ਬਹਿਸ ਦੀ ਦਿੱਤੀ ਚੁਣੌਤੀ ਕਬੂਲੀ, ਕਿਹਾ ਤੁਹਾਡੀ ਮਰਜ਼ੀ ਦੇ ਸਮੇਂ ’ਤੇ ਤੁਹਾਡੀ ਮਰਜ਼ੀ ਦੇ ਚੈਨਲ ’ਤੇ ਬਹਿਸ ਲਈ ਤਿਆਰ

Uncategorized

ਨਵੀਂ ਦਿੱਲੀ, 6 ਮਾਰਚ ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਵਿਚ ਹੋਏ ਕੰਮਾਂ ਤੇ ਅਦਾਲਤ ਵਿਚ ਪੈਂਡਿੰਗ ਪਏ ਕੰਟੈਂਪਟ ਆਫ ਕੋਰਟ ਦੇ ਕੇਸਾਂ ਬਾਰੇ ਬਹਿਸ ਲਈ ਦਿੱਤੀ ਚੁਣੌਤੀ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਸਰਨਾ ਜਿਸ ਦਿਨ ਚਾਹੁਣ, ਜਿਸ ਸਮੇਂ ਚਾਹੁਣ ਤੇ ਜਿਹੜੇ ਮਰਜ਼ੀ ਚੈਨਲ ’ਤੇ ਚਾਹੁਣ ਉਹ ਬਹਿਸ ਲਈ ਤਿਆਰ ਹਨ ਤੇ ਸੰਗਤ ਪਹਿਲਾਂ ਤੋਂ ਹੀ ਸਾਰੇ ਸੱਚ ਤੋਂ ਜਾਣੂ ਹੈ ਪਰ ਉਹ ਫਿਰ ਵੀ ਦਸਤਾਵੇਜ਼ੀ ਤੱਥਾਂ ਸਮੇਤ ਸੱਚਾਈ ਜਨਤਕ ਕਰਨ ਲਈ ਤਿਆਰ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਉਹ ਕੱਲ੍ਹ ਸਰਦਾਰ ਸਰਨਾ ਵੱਲੋਂ ਪੋਸਟ ਕੀਤੀ ਵੀਡੀਓ ਵੇਖ ਰਹੇ ਸਨ ਜਿਸ ਵਿਚ ਉਹਨਾਂ ਚੀਖ-ਚੀਖ ਕੇ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਰਲ ਵੇਲੇ ਕਮੇਟੀ ਦਾ ਕੰਮ ਬਹੁਤ ਚੰਗਾ ਹੋਇਆ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੰਗੀ ਤਰ੍ਹਾਂ ਚਲਦੇ ਸਨ ਤੇ ਕਦੇ ਵੀ ਮੁਲਾਜ਼ਮਾਂ ਦੀ ਤਨਖਾਹ ਲੇਟ ਨਹੀਂ ਹੋਈ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਤੁਸੀਂ 2006 ਵਿਚ ਲਾਗੂ ਹੋਏ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ 2013 ਵਿਚ ਸੰਗਤਾਂ ਵੱਲੋਂ ਤੁਹਾਨੂੰ ਸੇਵਾ ਤੋਂ ਫਾਰਗ ਕਰਨ ਤੱਕ ਅਦਾ ਨਹੀਂ ਕੀਤੇ। ਉਹਨਾਂ ਕਿਹਾ ਕਿ ਤੁਹਾਡੇ ਨਵੇਂ ਬਣੇ ਸਾਥੀ ਸਰਦਾਰ ਮਨਜੀਤ ਸਿੰਘ ਜੀ.ਕੇ. 2013 ਵਿਚ ਜਦੋਂ ਪ੍ਰਧਾਨ ਬਣੇ ਸਨ ਤਾਂ ਉਹਨਾਂ ਖੁਦ ਦਾਅਵਾ ਕੀਤਾ ਸੀ ਕਿ ਸਰਦਾਰ ਸਰਨਾ ਪੌਣੇ ਦੋ ਸੌ ਕਰੋੜ ਰੁਪਏ ਦੀ ਦੇਣਦਾਰੀ ਛੱਡ ਕੇ ਗਏ ਹਨ ਤੇ ਉਹਨਾਂ ਦੇ ਕਾਰਜਕਾਲ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮੁਲਾਜ਼ਮਾਂ ਨੂੰ 7-7 ਮਹੀਨੇ ਤਨਖਾਹ ਨਹੀਂ ਮਿਲਦੀ ਸੀ।
ਉਹਨਾਂ ਕਿਹਾ ਕਿ ਸਰਦਾਰ ਸਰਨਾ ਨੂੰ ਹੁਣ ਖੁਦ ਸਰਦਾਰ ਜੀ.ਕੇ. ਤੋਂ ਪੁੱਛਣਾ ਚਾਹੀਦਾ ਹੈ ਕਿ ਸੱਚਾਈ ਕੀ ਹੈ ਤੇ ਉਹਨਾਂ ਨੇ ਅਜਿਹੇ ਦਾਅਵੇ ਕਿਉਂ ਕੀਤੇ।
ਸਰਦਾਰ ਕਾਲਕਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਾਲ 2006 ਤੋਂ 2013 ਤੱਕ ਸਰਦਾਰ ਸਰਨਾ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਦੇਣ ਵਿਚ ਨਾਕਾਮ ਰਹੇ ਹਾਲਾਂਕਿ ਉਹਨਾਂ ਨੇ ਵਿਦਿਆਰਥੀਆਂ ਦੀਆਂ ਫੀਸਾਂ ਵਧਾ ਕੇ ਪੈਸੇ ਵੀ ਇਕੱਠੇ ਕੀਤੇ ਸਨ। ਉਹਨਾਂ ਕਿਹਾ ਕਿ ਇਸ ਮਗਰੋਂ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਅਦਾਲਤ ਵਿਚ ਹਲਫਨਾਮਾ ਦਾਇਰ ਕਰਨ ਦੇ ਬਾਵਜੂਦ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਨਹੀਂ ਦੇ ਸਕੇ ਹਾਲਾਂਕਿ ਉਹਨਾਂ ਦੇ ਕਾਰਜਕਾਲ ਵਿਚ 7ਵਾਂ ਤਨਖਾਹ ਕਮਿਸ਼ਨ ਵੀ ਆ ਗਿਆ ਸੀ।
ਉਹਨਾਂ ਕਿਹਾ ਕਿ ਜਿੰਨੇ ਰਿਕਾਰਡ ਪੈਸੇ ਮੌਜੂਦਾ ਕਮੇਟੀ ਨੇ ਪਿਛਲੇ ਬਕਾਇਆ ਲਈ ਜਾਰੀ ਕੀਤੇ ਹਨ, ਉਹ ਆਪਣੇ ਆਪ ਵਿਚ ਇਕ ਰਿਕਾਰਡ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਸਮੇਂ ਬਹਿਸ ਲਈ ਤਿਆਰ ਹਾਂ ਤੇ ਸੰਗਤ ਦੇ ਸਾਹਮਣੇ ਸਾਰਾ ਰਿਕਾਰਡ ਪੇਸ਼ ਕਰ ਕੇ ਤੁਹਾਨੂੰ ਇਕ ਵਾਰ ਫਿਰ ਬੇਨਕਾਬ ਕਰਾਂਗੇ।
ਉਹਨਾਂ ਇਹ ਵੀ ਕਿਹਾ ਕਿ ਅਦਾਲਤ ਵਿਚ ਜੋ ਕੰਟੈਂਪਟ ਆਫ ਕੋਰਟ ਦੇ ਕੇਸ ਚਲ ਰਹੇ ਹਨ, ਉਹ ਵੀ ਸਰਦਾਰ ਸਰਨਾ ਤੇ ਸਰਦਾਰ ਜੀ.ਕੇ. ਦੇ ਸਮੇਂ ਦੇ ਹਨ ਤੇ ਕਿਉਂਕਿ ਮੌਜੂਦਾ ਪ੍ਰਬੰਧਕ ਅਸੀਂ ਹਾਂ, ਇਸ ਲਈ ਅਦਾਲਤ ਨੇ ਸਾਡੇ ਨਾਂ ਕੇਸ ਵਿਚ ਵਰਤੇ ਹਨ। ਉਹਨਾਂ ਕਿਹਾ ਕਿ ਜੇਕਰ ਸਰਦਾਰ ਸਰਨਾ ਤੇ ਸਰਦਾਰ ਜੀ.ਕੇ. ਵਿਚ ਦਮ ਹੈ ਤਾਂ ਉਹ ਅਦਾਲਤ ਵਿਚ ਆ ਕੇ ਸੱਚਾਈ ਦਾ ਸਾਹਮਣਾ ਵੀ ਕਰ ਸਕਦੇ ਹਨ।

Leave a Reply

Your email address will not be published. Required fields are marked *