ਅੱਖਾਂ ‘ਚ ਮਿਰਚਾਂ ਪਾ ਕੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼,ਦੋ ਗ੍ਰਿਫਤਾਰ

ਪੰਜਾਬ

ਫਗਵਾੜਾ, 8 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਸ ਵੱਲੋਂ ਇਕ ਲੁਟੇਰਾ ਗਰੋਹ ਦੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।ਲੁਟੇਰੇ ਭੋਲੇ-ਭਾਲੇ ਲੋਕਾਂ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਆਦਿ ਪਾ ਕੇ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ‘ਚ ਮਾਹਿਰ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਪਿੰਡ ਸੰਗਤਪੁਰ ਨੇੜੇ ਲੁਟੇਰਿਆਂ ਨੇ ਕਿਸਾਨ ਸੰਤੋਖ ਸਿੰਘ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਕੀਤੀ ਸੀ। ਇਸੇ ਤਰਜ਼ ’ਤੇ ਪਹਿਲਾਂ ਵੀ ਕੁਝ ਵਿਅਕਤੀਆਂ ਖ਼ਿਲਾਫ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਕਪੂਰਥਲਾ ਦੀ ਐਸ.ਐਸ.ਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਗਰੋਹ ਦੇ ਦੋ ਲੁਟੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖਾਟੀ ਥਾਣਾ ਸਦਰ ਫਗਵਾੜਾ ਅਤੇ ਜਸਵੀਰ ਸਿੰਘ ਉਰਫ਼ ਰੋਹਿਤ ਵਾਸੀ ਪਿੰਡ ਖਾਟੀ ਥਾਣਾ ਸਦਰ ਫਗਵਾੜਾ ਵਜੋਂ ਹੋਈ ਹੈ।ਲੁਟੇਰਿਆਂ ਕੋਲ਼ੋਂ ਇੱਕ ਮੋਟਰਸਾਈਕਲ ਸਪਲੈਂਡਰ, ਦੋ ਮੋਬਾਈਲ ਫੋਨ ਤੇ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲਵ ਖਿਲਾਫ ਥਾਣਾ ਸਦਰ, ਥਾਣਾ ਰਾਵਲਪਿੰਡੀ, ਥਾਣਾ ਸਿਟੀ ਫਗਵਾੜਾ ਵਿਖੇ ਭੋਲੇ ਭਾਲੇ ਲੋਕਾਂ ਤੋਂ ਲੁੱਟ ਦੇ 4 ਮੁਕੱਦਮੇ ਦਰਜ ਹਨ।
ਇਸੇ ਤਰ੍ਹਾਂ ਮੁਲਜ਼ਮ ਲੁਟੇਰੇ ਜਸਵੀਰ ਸਿੰਘ ਉਰਫ਼ ਰੋਹਿਤ ਖ਼ਿਲਾਫ਼ ਥਾਣਾ ਸਦਰ, ਥਾਣਾ ਰਾਵਲਪਿੰਡੀ ਫਗਵਾੜਾ ਅਤੇ ਥਾਣਾ ਸਿਟੀ ਵਿੱਚ ਚੋਰੀ ਅਤੇ ਲੁੱਟ-ਖੋਹ ਦੇ ਦੋਸ਼ ਹੇਠ ਪੁਲੀਸ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ। ਐਸਐਸਪੀ ਗੁਪਤਾ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *