ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨਵੀਂ ਮੁਸੀਬਤ ’ਚ, ਕਈ ਸੀਟਾਂ ‘ਤੇ ਦੋ-ਦੋ ਉਮੀਦਵਾਰਾਂ ਨੇ ਠੋਕੇ ਦਾਅਵੇ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 8 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਭਾਜਪਾ ਨਾਲ ਗਠਜੋੜ ਤੋਂ ਇਨਕਾਰ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿਚ ਟਿਕਟਾਂ ਨੂੰ ਲੈ ਕੇ ਕਈ ਸੀਟਾਂ ’ਤੇ ਪੇਚ ਫਸ ਗਿਆ ਹੈ ਜਿਸ ਕਾਰਨ ਟਿਕਟਾਂ ਦੇ ਐਲਾਨ ਵਿਚ ਦੇਰੀ ਹੋ ਰਹੀ ਹੈ।
ਤਾਜ਼ਾ ਮਾਮਲਾ ਸੰਗਰੂਰ ਵਿਚ ਸਾਹਮਣੇ ਆਇਆ ਹੈ ਜਿਥੇ ਸਾਬਕਾ ਵਿਧਾਇਕ ਤੇ ਕੋਰ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾ ਨੇ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਝੂੰਦਾ ਦਾ ਕਹਿਣਾ ਹੈ ਕਿ ਜਦੋਂ ਢੀਂਡਸਾ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਆਖ ਗਿਆ ਸੀ ਤਾਂ ਚੰਗੇ ਮਾੜੇ ਸਮੇਂ ਵਿਚ ਉਹਨਾਂ ਹੀ ਪਾਰਟੀ ਦਾ ਸਾਥ ਦਿੱਤਾ ਸੀ। ਝੂੰਦਾ ਇਸ ਵੇਲੇ ਸੰਗਰੂਰ ਲੋਕ ਸਭਾ ਹਲਕੇ ਦੇ ਇੰਚਾਰਜ ਵੀ ਹਨ। ਪਰ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਪਾਰਟੀ ਨੇ ਪਰਮਿੰਦਰ ਢੀਂਡਸਾ ਜਾਂ ਜਿਸ ਕਿਸੇ ਨੂੰ ਵੀ ਟਿਕਟ ਦਿੱਤੀ ਤਾਂ ਉਹ ਉਸਦੀ ਹਮਾਇਤ ਕਰਨਗੇ।
ਦੂਜੇ ਪਾਸੇ ਪਰਮਿੰਦਰ ਢੀਂਡਸਾ ਨੇ ਵੀ ਇਹ ਗੱਲ ਕਹੀ ਹੈ ਕਿ ਦਾਅਵੇਦਾਰੀ ਪੇਸ਼ ਕਰਨਾ ਹਰ ਕਿਸੇ ਦਾ ਲੋਕਤੰਤਰੀ ਹੱਕ ਹੈ। ਉਹਨਾਂ ਵੀ ਇਹ ਗੱਲ ਕਹੀ ਹੈ ਕਿ ਪਾਰਟੀ ਜਿਸ ਕਿਸੇ ਨੂੰ ਟਿਕਟ ਦੇਵੇਗੀ, ਉਹ ਉਸਦੀ ਡਟਵੀਂ ਮਦਦ ਕਰਨਗੇ।
ਇਸੇ ਤਰੀਕੇ ਆਨੰਦਪੁਰ ਸਾਹਿਬ ਹਲਕੇ ਵਿਚ ਵੀ ਪੇਚ ਫਸਿਆ ਹੋਇਆ ਹੈ। ਇਥੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਆਹਮੋ ਸਾਹਮਣੇ ਹਨ। ਡਾ. ਚੀਮਾ ਦਾ ਕਹਿਣਾ ਹੈ ਕਿ ਉਹ 2009 ਵਿਚ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਚੁੱਕੇ ਹਨ ਤੇ 2012 ਵਿਚ ਰੋਪੜ ਤੋਂ ਚੋਣ ਜਿੱਤ ਚੁੱਕੇ ਹਨ ਜੋ ਕਿ ਆਨੰਦਪੁਰ ਸਾਹਿਬ ਹਲਕੇ ਦਾ ਹਿੱਸਾ ਹੈ। ਇਸ ਲਈ ਉਹਨਾਂ ਦਾ ਦਾਅਵਾ ਸੀਟ ’ਤੇ ਬਣਦਾ ਹੈ। ਦੂਜੇ ਪਾਸੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਉਹ ਇਸ ਸੀਟ ਤੋਂ ਪਹਿਲਾਂ ਵੀ ਐਮ ਪੀ ਰਹਿ ਚੁੱਕੇ ਹਨ ਅਤੇ ਡਾ. ਚੀਮਾ ਨੂੰ ਰਾਜ ਸਭਾ ਮੈਂਬਰੀ ਦੇ ਯਤਨ ਕਰਨੇ ਚਾਹੀਦੇ ਹਨ।
ਵੱਡੀ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਸਿਰਫ ਤਿੰਨ ਐਮ ਐਲ ਏ ਪੰਜਾਬ ਵਿਧਾਨ ਸਭਾ ਵਿਚ ਹਨ, ‌ਅਜਿਹੇ ਵਿਚ ਰਾਜ ਸਭਾ ਸੀਟ ਦੀ ਸੰਭਾਵਨਾ ਕਿਸੇ ਵੀ ਤਰੀਕੇ ਪੈਦਾ ਹੀ ਨਹੀਂ ਹੁੰਦੀ।
ਦੂਜੇ ਪਾਸੇ ਪਟਿਆਲਾ ਲੋਕ ਸਭਾ ਸੀਟ ’ਤੇ ਪਾਰਟੀ ਦੇ ਖ਼ਜ਼ਾਨਚੀ ਐਨ ਕੇ ਸ਼ਰਮਾ ਨੇ ਵੀ ਆਪਣੀ ਪ੍ਰਚਾਰ ਮੁਹਿੰਮ ਆਰੰਭ ਦਿੱਤੀ ਹੈ। ਬੇਸ਼ੱਕ ਸ਼ਰਮਾ ਦੇ ਨਾਂ ਦਾ ਵੀ ਹਾਲੇ ਐਲਾਨ ਨਹੀਂ ਹੋਇਆ ਪਰ ਉਹਨਾਂ ਦੀ ਟਿਕਟ ਪੱਕੀ ਸਮਝੀ ਜਾ ਰਹੀ ਹੈ। ਇਸ ਸੀਟ ’ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਬਹੁਤ ਮਜ਼ਬੂਤੀ ਨਾਲ ਐਨ ਕੇ ਸ਼ਰਮਾ ਦੇ ਪੱਖ ਵਿਚ ਡਟੇ ਵਿਖਾਈ ਦੇ ਰਹੇ ਹਨ।
ਇਸੇ ਤਰੀਕੇ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਮੌਜੂਦਾ ਐਮ ਪੀ ਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਟਿਕਟ ਤੈਅ ਮੰਨੀ ਜਾ ਰਹੀ ਹੈ ਤੇ ਉਹ ਪਿਛਲੇ ਕਈ ਹਫਤਿਆਂ ਤੋਂ ਹਲਕੇ ਵਿਚ ਸਰਗਰਮ ਹਨ।
ਇਸੇ ਤਰੀਕੇ ਅਨੇਕਾਂ ਹੋਰ ਸੀਟਾਂ ’ਤੇ ਪੇਚ ਫਸਿਆ ਹੋਇਆ ਹੈ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਗੂਆਂ ਤੇ ਵਰਕਰਾਂ ਦੀ ਰਾਇ ਲਈ ਹੈ ਪਰ ਉਹ ਹਾਲੇ ਕੋਈ ਕਾਹਲ ਨਹੀਂ ਵਿਖਾਉਣਾ ਚਾਹੁੰਦੇ।

Leave a Reply

Your email address will not be published. Required fields are marked *