ਆਗਾਮੀ ਲੋਕ ਸਭਾ ਚੋਣਾਂ ਵਿੱਚ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਚੋਣ ਡਿਊਟੀਆਂ ਸੰਬੰਧੀ ਕੀਤੀ ਵਿਚਾਰ-ਚਰਚਾ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 14 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਚੋਣ ਡਿਊਟੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਸੰਬੰਧੀ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਵਿੱਚ ਅਧਿਆਪਕ ਤੇ ਖ਼ਾਸ ਤੌਰ ਤੇ ਲੈਕਚਰਾਰ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਅਲੱਗ- ਅਲੱਗ ਤਰ੍ਹਾਂ ਦੀਆਂ ਚੋਣਾਂ ਨਾਲ਼ ਸੰਬੰਧਿਤ ਅਤੇ ਵਿਭਾਗੀ ਡਿਊਟੀਆਂ ਨਿਭਾਉਂਦੇ ਆ ਰਹੇ ਹਨ। 13 ਫ਼ਰਵਰੀ ਤੋਂ ਦਸਵੀਂ / ਬਾਰ੍ਹਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਂਵਾਂ, ਪ੍ਰੈਕਟਿਕਲ ਤੇ ਇਸ ਦੇ ਨਾਲ਼ ਹੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰਾਂ ਦਾ ਮੁਲਅੰਕਣ ਅਤੇ ਘਰੇਲੂ ਪ੍ਰੀਖਿਆ ਦਾ ਪ੍ਰਬੰਧ ਅਧਿਆਪਕ ਤੇ ਲੈਕਚਰਾਰ ਵਰਗ ਵੱਲੋਂ ਕੀਤਾ ਗਿਆ ਪ੍ਰੀਖਿਆਵਾਂ ਦੇ ਦਰਮਿਆਨ ਹੀ ਗ੍ਰਾਂਟਾਂ ਨੂੰ ਖ਼ਰਚਣ, ਦਾਖਲਾ ਤੇ ਦਾਖਲਾ ਵਧਾਉਣ ਦੀ ਮੁਹਿੰਮ ਵੀ ਚਲਦੀਆਂ ਰਹੀਆਂ।ਵਿਭਾਗੀ ਡਿਊਟੀਆਂ ਦੇ ਨਾਲ਼ ਨਾਲ਼ ਲੰਬੀਆਂ ਤੇ ਲਗਾਤਾਰ ਵੱਖ ਵੱਖ ਤਰ੍ਹਾਂ ਦੀਆਂ ਚੋਣ ਡਿਊਟੀਆਂ ਨਿਭਾਉਂਦੇ ਲੈਕਚਰਾਰ/ ਅਧਿਆਪਕ ਨੂੰ ਨਾ ਸਿਰਫ਼ ਸ਼ਰੀਰਕ ਬਲਕਿ ਮਾਨਸਿਕ ਅਤੇ ਘਰੇਲੂ ਪੱਧਰ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|ਇੱਥੇ ਇਹ ਦੱਸਣਾ ਗ਼ੈਰ ਵਾਜਬ ਨਹੀਂ ਹੋਵੇਗਾ ਕਿ ਕਈ ਜਿਲ੍ਹਿਆਂ ਵਿੱਚ ਲੈਕਚਰਾਰ ਦੀਆਂ 12/12 ਘੰਟੇ ਦੀਆਂ ਚੋਣਾਂ ਨਾਲ਼ ਸੰਬੰਧਿਤ ਲਗਾਤਾਰ ਡਿਊਟੀਆਂ ਚੱਲ ਰਹੀਆਂ ਹਨ। ਕਈ ਵਾਰ ਤੇ ਛੁੱਟੀ ਦੀ ਲੋੜ ਪੈਣ ਤੇ ਉਨ੍ਹਾਂ ਨੂੰ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ।
ਜੱਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਬਲਾਕ ਤੋਂ ਬਾਹਰ ਨਾ ਲਗਾਈਆਂ ਜਾਣ , ਕੱਪਲ ਕੇਸ ਵਿੱਚ ਸਿਰਫ਼ ਇੱਕ ਕਰਮਚਾਰੀ ਦੀ ਹੀ ਡਿਊਟੀ ਲਗਾਈ ਜਾਵੇ ਅਤੇ ਗੰਭੀਰ ਬੀਮਾਰੀ ਵਾਲੇ ਅਤੇ cwsn ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਡਿਊਟੀ ਤੋਂ ਛੋਟੀ ਦਿੱਤੀ ਜਾਵੇ।ਤਨਦੇਹੀ ਤੇ ਇਮਾਨਦਾਰੀ ਨਾਲ਼ ਚੋਣ ਡਿਊਟੀ ਕਰ ਰਹੇ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਉਨ੍ਹਾਂ ਦੇ ਕੁਦਰਤੀ ਅਧਿਕਾਰਾਂ ਦੇ ਸਨਮੁੱਖ ਛੁੱਟੀ ਦਿੱਤੀ ਜਾਵੇ,ਡਿਊਟੀ ਦਾ ਸਮਾਂ ਘੱਟ ਕੀਤਾ ਜਾਵੇ ਅਤੇ ਬਦਲਵੇਂ ਆਧਾਰ ਤੇ ਡਿਊਟੀਆਂ ਲਗਾਈਆਂ ਜਾਣ।ਉਹਨਾਂ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਅਸਾਮੀਆਂ ਪਹਿਲਾਂ ਹੀ ਅੱਧੇ ਤੋਂ ਵੱਧ ਖ਼ਾਲੀ ਹਨ ਇਸ ਲਈ ਲੈਕਚਰਾਰਾਂ ਦੀਆਂ ਡਿਊਟੀਆਂ ਘੱਟ ਤੋਂ ਘੱਟ ਲਗਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਉਹਨਾਂ ਕਿਹਾ ਕਿ FST, SST ਦੀ ਡਿਊਟੀ ਦੇ ਕੁੱਲ ਲੱਗੇ ਦਿਨਾਂ ਦੇ ਹਿਸਾਬ ਨਾਲ ਅਦਾਇਗੀ ਹੋਣੀ ਚਾਹੀਦੀ ਹੈ ਅਤੇ ਚੋਣ ਡਿਊਟੀ ਨਿਭਾਅ ਰਹੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਵਾਜਬ ਤੇ ਸਨਮਾਨਯੋਗ ਮਿਹਨਤਾਨਾ ਮਿਲਣਾ ਚਾਹੀਦਾ ਹੈ ਇਸ ਦੇ ਨਾਲ਼ ਹੀ ਅਜਿਹੀਆਂ ਡਿਊਟੀਆਂ ਹਫ਼ਤੇ ਦੀ ਰੋਟੇਸ਼ਨ ਦੇ ਅਧਾਰ ਤੇ ਹੋਣੀਆਂ ਚਾਹੀਦੀਆਂ ਹਨ ਇਸ ਮੀਟਿੰਗ ਵਿੱਚ ਸਕੱਤਰ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ ਕਪੂਰਥਲਾ,ਨੈਬ ਸਿੰਘ, ਸਾਹਿਬ ਰਣਜੀਤ ਸਿੰਘ, ਜਸਪਾਲ ਸਿੰਘ,ਪਰਮਿੰਦਰ ਕੁਮਾਰ,ਇੰਦਰਜੀਤ ਸਿੰਘ, ਜਗਤਾਰ ਸਿੰਘ, ਰਣਬੀਰ ਸਿੰਘ ਸੂਬਾ ਪ੍ਰੈੱਸ ਸਕੱਤਰ ਤੇ ਬਲਦੀਸ਼ ਲਾਲ ਮੌਜੂਦ ਸਨ।

Leave a Reply

Your email address will not be published. Required fields are marked *