ਸਰਬਜੀਤ ਸਿੰਘ ਦਾ ਕਾਤਲ ਟਾਂਬਾ ਅਜੇ ਜ਼ਿੰਦਾ ਹੈ,ਪਾਕਿਸਤਾਨੀ ਪੰਜਾਬ ਦੀ ਪੁਲਿਸ ਨੇ ਕੀਤਾ ਦਾਅਵਾ

ਸੰਸਾਰ


ਇਸਲਾਮਾਬਾਦ, 16 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪਾਕਿਸਤਾਨ ਦੀ ਜੇਲ੍ਹ ਵਿੱਚ ਸਜ਼ਾ ਕੱਟਣ ਵਾਲੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਜੇਲ ਅੰਦਰ ਹੱਤਿਆ ਕਰਨ ਦਾ ਦੋਸ਼ੀ ਆਮਿਰ ਸਰਫਰਾਜ਼ ਟਾਂਬਾ ਅਜੇ ਵੀ ਜ਼ਿੰਦਾ ਹੈ। ਟਾਂਬਾ ਦੀ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਹੱਤਿਆ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।
ਇਸ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੇ ਨਜ਼ਦੀਕੀ ਸਹਿਯੋਗੀ ਟਾਂਬਾ ‘ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਲਾਹੌਰ ਦੇ ਸਨੰਤ ਨਗਰ ਸਥਿਤ ਉਸ ਦੀ ਰਿਹਾਇਸ਼ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਧਰ, ਲਾਹੌਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ‘ਆਪ੍ਰੇਸ਼ਨਜ਼’ ਸਈਅਦ ਅਲੀ ਰਜ਼ਾ ਨੇ ‘ਡਾਨ’ ਅਖ਼ਬਾਰ ਨੂੰ ਦੱਸਿਆ ਕਿ ਟਾਂਬਾ ਅਜੇ ਜ਼ਿੰਦਾ ਹੈ, ਪਰ ਗੰਭੀਰ ਰੂਪ ਨਾਲ ਜ਼ਖ਼ਮੀ ਹੈ।
ਇਕ ਸਮਾਚਾਰ ਏਜੰਸੀ ਅਨੁਸਾਰ, ਜਦੋਂ ਐਸਐਸਪੀ ਦੇ ਬਿਆਨ ਬਾਰੇ ਲਾਹੌਰ ਪੁਲਿਸ ਦੇ ਬੁਲਾਰੇ ਫਰਹਾਨ ਸ਼ਾਹ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਮਾਮਲੇ ਨੂੰ ‘ਸੰਵੇਦਨਸ਼ੀਲ’ ਦੱਸਦੇ ਹੋਏ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਐਸਐਸਪੀ ਰਜ਼ਾ ਨੇ ਇਹ ਨਹੀਂ ਦੱਸਿਆ ਕਿ ਜੇਕਰ ਟਾਂਬਾ ਜ਼ਿੰਦਾ ਹੈ ਤਾਂ ਉਸ ਨੂੰ ‘ਮੈਡੀਕਲ ਇਲਾਜ’ ਲਈ ਕਿੱਥੇ ਭੇਜਿਆ ਗਿਆ ਹੈ।

Leave a Reply

Your email address will not be published. Required fields are marked *