ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਨੈਸ਼ਨਲ

ਨਵੀਂ ਦਿੱਲੀ, 18 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਵੱਲੋਂ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਦਿੱਲੀ ਫਤਿਹ ਦਿਵਸ ਸਮਾਗਮਾਂ ਦਾ ਸੱਦਾ ਦਿੱਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਸ ਸਾਲ ਦਿੱਲੀ ਫਤਿਹ ਦਿਵਸ 27 ਅਤੇ 28 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਮਨਾਇਆਜਾ ਰਿਹਾ ਹੈ। ਉਹਨਾਂ ਦੱਸਿਆ ਕਿ 27 ਅਪ੍ਰੈਲ ਨੂੰ ਕੀਰਤਨ ਦਰਬਾਰ ਹੋਵੇਗਾ ਤੇ 28 ਅਪ੍ਰੈਲ ਨੂੰ ਗੁਰੂ ਕੀਆਂ ਲਾਡੀਆਂ ਫੌਜਾਂ ਆਪਣੇ ਜੌਹਰ ਵਿਖਾਉਣਗੀਆਂ।
ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਥ ਦੀਆਂ ਸਮੂਹ ਜਥੇਬੰਦੀਆਂ ਨੂੰ ਇਹਨਾਂ ਪ੍ਰੋਗਰਾਮਾਂ ਵਾਸਤੇ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੇ ਦਲ ਪੰਥ, ਸੰਤ ਸਮਾਜ ਨੂੰ ਵੀ ਸੱਦਾ ਪੱਤਰ ਦਿੱਤੇ ਜਾਣਗੇ ਜਿਹਨਾਂ ਵਾਸਤੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀਆਂ ਟੀਮਾਂ ਵੱਖ-ਵੱਖ ਸ਼ਹਿਰਾਂ ਵਿਚ ਪਹੁੰਚ ਕੇ ਸੱਦਾ ਪੱਤਰ ਦੇਣਗੀਆਂ।
ਉਹਨਾਂ ਦੱਸਿਆ ਕਿ ਇਸ ਵਾਰ ਦੇ ਪ੍ਰੋਗਰਾਮ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੁਰਬਾਣੀ ਕੀਰਤਨ ਦਰਬਾਰ ਤੋਂ ਅਗਲੇ ਦਿਨ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਆਪਣੇ ਜੌਹਰ ਵਿਖਾਉਣਗੀਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਇਤਿਹਾਸ ਤੋਂ ਸੰਗਤ ਨੂੰ ਫਿਰ ਤੋਂ ਜਾਣੂ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਸਮਾਗਮ ਲਾਲ ਕਿਲ੍ਹੇ ’ਤੇ ਆਯੋਜਿਤ ਕਰਨ ਦਾ ਮਕਸਦ ਸਿੱਖ ਪੰਥ ਦੇ ਅਮੀਰ ਤੇ ਵਿਲੱਖਣ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਵੱਲੋਂ ਦਿੱਲੀ ’ਤੇ ਕੀਤੀ ਫਤਿਹ ਦੀ ਯਾਦ ਵਿਚ ਇਹ ਦਿੱਲੀ ਫਤਿਹ ਦਿਵਸ ਮਨਾਇਆ ਜਾਂਦਾ ਹੈ ਜਿਸਨੂੰ ਲੈ ਕੇ ਸੰਗਤਾਂ ਵਿਚ ਬਹੁਤ ਉਤਸ਼ਾਹ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਸਾਰੀਆਂ ਥਾਵਾਂ ਹੁੰਮ ਹੁੰਮਾ ਕੇ ਪੁੱਜਣ ਤੇ ਪ੍ਰੋਗਰਾਮਾਂ ਵਿਚ ਹਾਜ਼ਰੀ ਲਗਵਾਉਣ।

Leave a Reply

Your email address will not be published. Required fields are marked *