ਲੁਧਿਆਣਾ ਪੁਲਿਸ ਨੇ ਔਰਤ ਤੋਂ ਵਾਲ਼ੀਆਂ ਖੋਹਣ ਵਾਲੇ ਦਬੋਚੇ

ਚੰਡੀਗੜ੍ਹ ਪੰਜਾਬ


ਪਾਇਲ, 21 ਅਪ੍ਰੈਲ,ਬੋਲੇ ਪੰਜਾਬ ਬਿਓਰੋ;
ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਪਾਇਲ ਪੁਲਿਸ ਨੇ ਦਿਨ ਦਿਹਾੜੇ ਇੱਕ ਭੀੜ ਵਾਲੇ ਇਲਾਕੇ ਵਿੱਚੋਂ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲੇ ਦੋ ਲੁਟੇਰਿਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖੀ ਪੁੱਤਰ ਸਿਕੰਦਰ ਸਿੰਘ ਵਾਸੀ ਮਕਸੂਦੜਾ ਰੋਡ, ਪਾਇਲ ਅਤੇ ਜਸਕੀਰਤ ਸਿੰਘ ਉਰਫ਼ ਬੰਟੀ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਕੋਟਲੀ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪਾਇਲ ਦੇ ਐਸ.ਐਚ.ਓ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਜੀਵਨ ਲਤਾ (65 ਸਾਲ) ਪਤਨੀ ਸਵਰਗੀ ਵਿਜੇ ਕੁਮਾਰ ਸੋਨੀ ਵਾਸੀ ਵਾਰਡ ਨੰਬਰ 10 ਸੋਨੀਆ ਮੁਹੱਲਾ ਪਾਇਲ ਨੇ ਪਾਇਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਕੌਰਸਨ ਫੈਕਟਰੀ ਦੋਰਾਹਾ ਵਿੱਚ ਕੰਮ ਕਰਦੀ ਹੈ ਅਤੇ ਸਵੇਰੇ ਕਰੀਬ 6.15 ਵਜੇ ਉਹ ਆਪਣੇ ਘਰ ਤੋਂ ਫੈਕਟਰੀ ਵੈਨ ਵਿੱਚ ਦੋਰਾਹਾ ਜਾਂਦੀ ਹੈ ਅਤੇ ਸ਼ਾਮ ਨੂੰ ਕਰੀਬ 6.30 ਵਜੇ ਫੈਕਟਰੀ ਵੈਨ ਵਿੱਚ ਆਪਣੇ ਘਰ ਵਾਪਸ ਆਉਂਦੀ ਹੈ।19 ਅਪ੍ਰੈਲ ਨੂੰ ਸ਼ਾਮ ਕਰੀਬ 6.40 ਵਜੇ ਜਦੋਂ ਉਹ ਨਾਨਕ ਧਾਮ ਸਵੀਟ ਸ਼ਾਪ ਕੋਲ ਪਹੁੰਚ ਕੇ ਆਪਣੇ ਘਰ ਵੱਲ ਨੂੰ ਮੁੜਨ ਲੱਗੀ ਤਾਂ ਮੋਟਰਸਾਈਕਲ ‘ਤੇ ਦੋ ਅਣਪਛਾਤੇ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ‘ਚੋਂ ਇਕ ਮੋਟਰਸਾਈਕਲ ‘ਤੇ ਬੈਠਾ ਸੀ ਅਤੇ ਦੂਜਾ ਨੇੜੇ ਖੜਾ ਸੀ। ਜਦੋਂ ਉਹ ਥੋੜ੍ਹੀ ਦੂਰ ਪਹੁੰਚੀ ਤਾਂ ਮੋਟਰਸਾਈਕਲ ਕੋਲ ਖੜ੍ਹਾ ਨੌਜਵਾਨ ਉਸ ਦੇ ਪਿੱਛੇ ਆਇਆ ਅਤੇ ਉਸ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਿਆ।
ਥਾਣਾ ਸਦਰ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਦੋਹਾਂ ਮੁਲਜ਼ਮਾਂ ਲਖਵੀਰ ਸਿੰਘ ਉਰਫ਼ ਲੱਖੀ ਅਤੇ ਜਸਕੀਰਤ ਸਿੰਘ ਉਰਫ਼ ਬੰਟੀ ਨੂੰ ਦਾਣਾ ਮੰਡੀ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਲੁੱਟੀਆਂ ਗਈਆਂ ਕੰਨਾਂ ਦੀਆਂ ਵਾਲੀਆਂ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ।

Leave a Reply

Your email address will not be published. Required fields are marked *