ਵਿਸ਼ਵ ਪਾਰਕਿੰਸਨ ਦਿਵਸ ਮੌਕੇ ਵਾਕਾਥਨ ਦਾ ਆਯੋਜਨ: ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ, ਵਿਦਿਆਰਥੀਆਂ ਅਤੇ ਡਾਕਟਰਾਂ ਨੇ ਲਿਆ ਭਾਗ

ਹੈਲਥ ਚੰਡੀਗੜ੍ਹ ਪੰਜਾਬ

ਡਾ ਜਸਲਵਲੀਨ ਸਿੱਧੂ ਨੇ ਪਾਰਕਿੰਸਨ ਦੀ ਬਿਮਾਰੀ ਸਬੰਧੀ ਕੀਤਾ ਜਾਗਰੂਕ

ਐਸ.ਏ.ਐਸ.ਨਗਰ(ਮੁਹਾਲੀ), 23 ਅਪਰੈਲ, ਬੋਲੇ ਪੰਜਾਬ ਬਿਓਰੋ:

ਅਪਰੈਲ ਦਾ ਮਹੀਨਾ ਪੂਰੇ ਵਿਸ਼ਵ ਵਿੱਚ ਪਾਰਕਿੰਸਨ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਸੇ ਲਡ਼ੀ ਤਹਿਤ ਪਾਰਕਿੰਸਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਲੇਜ਼ਰ ਵੈਲੀ, ਮੁਹਾਲੀ ਵਿਖੇ ਪਾਰਕਿੰਸਨ ਜਾਗਰੂਕਤਾ ਵਾਕਾਥਨ ਦਾ ਆਯੋਜਨ ਕੀਤਾ ਗਿਆ।
ਵਾਕਾਥੌਨ ਦੇ ਆਯੋਜਕ, ਡਾ: ਜਸਲਵਲੀਨ ਕੌਰ ਸਿੱਧੂ, ਜੋ ਕਿ ਇੱਕ ਨਿਊਰੋਲੋਜਿਸਟ ਅਤੇ ਪੰਜਾਬ ਦੇ ਪਹਿਲੇ ਪਾਰਕਿੰਸਨ ਰੋਗਾਂ ਅਤੇ ਮੂਵਮੈਂਟ ਡਿਸਆਰਡਰ ਦੇ ਮਾਹਿਰ, ਨੇ ਇਸ ਮੌਕੇ ਕਿਹਾ ਕਿ, ‘‘ਪਾਰਕਿਨਸਨ ਰੋਗ ਅਲਜ਼ਾਈਮਰ ਡਿਮੈਂਸ਼ੀਆ ਤੋਂ ਬਾਅਦ ਦੁਨੀਆ ਵਿੱਚ ਦੂਜੀ ਸਭ ਤੋਂ ਆਮ ਨਿਊਰੋਡੀਜਨਰੇਟਿਵ ਬਿਮਾਰੀ ਹੈ। ਪਾਰਕਿੰਸਨ’ਜ਼ ਦੇ ਸਭ ਤੋਂ ਮਹੱਤਵਪੂਰਨ ਲੱਛਣ ਹਨ ਹਰਕਤਾਂ ਦਾ ਹੌਲੀ ਹੋਣਾ, ਕੰਬਦੇ ਹੱਥ ਜਾਂ ਲੱਤਾਂ, ਅਤੇ ਤੁਰਦੇ ਸਮੇਂ ਸੰਤੁਲਨ ਗੁਆਉਣਾ। ਕੁਝ ਹੋਰ ਲੱਛਣਾਂ ਵਿਚ ਛੋਟੀਆਂ ਲਿਖਤਾਂ, ਗੰਧ ਦੀ ਕਮੀ, ਮੂਡ ਬਦਲਣਾ, ਨੀਂਦ ਵਿੱਚ ਗਡ਼ਬਡ਼ ਅਤੇ ਕਬਜ਼ ਵੀ ਹਨ ।
ਡਾ: ਜਸਲਵਲੀਨ ਸਿੱਧੂ ਵੱਲੋਂ ਇਹ ਸਮਾਰੋਹ ਦੂਜੀ ਵਾਰ ਕਰਵਾਇਆ ਗਿਆ, ਕਿਉਂਕਿ ਉਨ੍ਹਾਂ ਨੇ ਪਿਛਲੇ ਸਾਲ ਇਸ ਨੂੰ ਸਾਲਾਨਾ ਸਮਾਗਮ ਬਣਾਉਣ ਦਾ ਵਾਅਦਾ ਕੀਤਾ ਸੀ। ਡਾ. ਸਿੱਧੂ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮਰੀਜ਼ਾਂ ਨੂੰ ਉੱਨਤ ਇਲਾਜ ਦੇ ਵਿਕਲਪ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ। ਪਿਛਲੇ ਇੱਕ ਸਾਲ ਵਿੱਚ, ਉਨ੍ਹਾਂ ਨੇ ਪਾਰਕਿੰਸਨ’ਜ਼ ਰੋਗ ਦੇ ਮਰੀਜ਼ਾਂ ਲਈ 10 ਤੋਂ ਵੱਧ ਡੀਪ ਬਰੇਨ ਸਟੀਮੂਲੇਸ਼ਨ ਸਰਜਰੀਆਂ ਕਰਕੇ ਮਰੀਜ਼ਾਂ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ ਹੈ।
ਇਸ ਸਮਾਗਮ ਵਿੱਚ ਪਾਰਕਿੰਸਨ ਰੋਗ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ, ਵਾਈਪੀਐਸ ਸਕੂਲ ਮੁਹਾਲੀ ਦੇ ਵਿਦਿਆਰਥੀ ਅਤੇ ਟਰਾਈਸਿਟੀ ਦੇ ਕਈ ਡਾਕਟਰਾਂ ਨੇ ਸ਼ਿਰਕਤ ਕੀਤੀ। ਇਹ ਇਵੈਂਟ ਸਵੇਰੇ 9 ਵਜੇ ਸਫਲਤਾਪੂਰਵਕ ਸਮਾਪਤ ਹੋਇਆ ਅਤੇ ਨਿਸ਼ਚਿਤ ਤੌਰ ’ਤੇ ਹਾਜ਼ਰ ਹੋਏ ਹਰ ਕਿਸੇ ’ਤੇ ਇੱਕ ਵੱਡਾ ਪ੍ਰਭਾਵ ਛੱਡਿਆ, ਅਤੇ ਪਾਰਕਿੰਸਨ’ਜ਼ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮੱਦਦ ਕੀਤੀ।
ਡਾ. ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਸਾਡੀ ਪੀਡ਼੍ਹੀ ਦੀ ਜ਼ਿੰਮੇਵਾਰੀ ਹੈ, ਕਿਉਂਕਿ ਪਾਰਕਿੰਸਨ’ਜ਼ ਦੀ ਬਿਮਾਰੀ ਨੂੰ ਅਕਸਰ ਬੁਢਾਪੇ ਦੀ ਪ੍ਰਕਿਰਿਆ ਦੇ ਨਾਲ ਜੋਡ਼ ਲਿਆ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ ਅਤੇ ਇਸ ਲਈ ਇਲਾਜ ਅਕਸਰ ਖੁੰਝ ਜਾਂਦਾ ਹੈ ਜਾਂ ਦੇਰੀ ਨਾਲ ਹੁੰਦਾ ਹੈ। ਜਾਗਰੂਕਤਾ ਵਧਾਉਣ ਨਾਲ ਅਸੀਂ ਇਸ ਦਾ ਛੇਤੀ ਪਤਾ ਲਗਾ ਸਕਦੇ ਹਾਂ ਅਤੇ ਸਹੀ ਇਲਾਜ ਪ੍ਰਦਾਨ ਕਰ ਸਕਦੇ ਹਾਂ ਅਤੇ ਨਤੀਜੇ ਵਜੋਂ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਾਪਤ ਕਰ ਸਕਦੇ ਹਾਂ।
ਡਾ: ਜਸਲਵਲੀਨ ਸਿੱਧੂ ਇੱਕ ਨਿਊਰੋਲੋਜਿਸਟ ਹੈ ਜਿਸ ਨੇ ਐਨਐਚਐਨਐਨ, ਲੰਡਨ, ਯੂਕੇ ਅਤੇ ਨੈਸ਼ਨਲ ਨਿਊਰੋਸਾਇੰਸ ਇੰਸਟੀਚਿਊਟ, ਸਿੰਗਾਪੁਰ ਤੋਂ ਪਾਰਕਿੰਸਨ’ਜ਼ ਰੋਗ ਅਤੇ ਮੂਵਮੈਂਟ ਡਿਸਆਰਡਰ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ। ਉਹ ਮੁਹਾਲੀ ਵਿੱਚ ਪ੍ਰੈਕਟਿਸ ਕਰ ਰਹੀ ਡਾਕਟਰ ਹੈ ਅਤੇ ਪਾਰਕਿੰਸਨ ਰੋਗ ਵਿੱਚ ਉਪਲਬਧ ਸਭ ਤੋਂ ਉੱਨਤ ਇਲਾਜ ਵਿਕਲਪਾਂ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿੱਚ ਡੀਪ ਬਰੇਨ ਸਟੀਮੂਲੇਸ਼ਨ ਸਰਜਰੀ ਵੀ ਸ਼ਾਮਲ ਹੈ।

Leave a Reply

Your email address will not be published. Required fields are marked *