ਸਰਬੰਸ ਪ੍ਰਤੀਕ ਦਾ ਨਵਾਂ ਗੀਤ ਬਾਪੂ ਜਿੰਦਾਬਾਦ ਹੋਵੇਗਾ ਰਲੀਜ਼ 27 ਨੂੰ

ਚੰਡੀਗੜ੍ਹ ਪੰਜਾਬ ਮਨੋਰੰਜਨ


ਚੰਡੀਗੜ੍ਹ 24 ਅਪ੍ਰੈਲ, ਬੋਲੇ ਪੰਜਾਬ ਬਿਉਰੋ: ਗੀਤਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਅਤੇ ਗਾਇਆ ਗੀਤ,”ਬਾਪੂ ਜਿੰਦਾਬਾਦ” 27 ਨੂੰ ਵੱਡੇ ਪੱਧਰ ਉੱਤੇ ਰਲੀਜ਼ ਹੋ ਰਿਹਾ ਹੈ। ਪ੍ਰਤੀਕ ਨੇ ਦੱਸਿਆ ਕਿ ਮਾਂ ਨੂੰ ਲੈ ਕੇ ਤਾਂ ਬਹੁਤ ਗੀਤ ਗਾਏ ਹਨ ਅਤੇ ਗੀਤਾਂ ਵਿਚ ਰੱਬ ਦਾ ਦਰਜਾ ਦਿੱਤਾ ਗਿਆ ਹੈ ਪਰ ਬਾਪੂ ਵੀ ਕਿਸੇ ਪਾਸਿਓਂ ਘੱਟ ਨਹੀਂ। ਉਸ ਨੇ ਗੀਤ ਦਾ ਮੁੱਖੜਾ ਸੁਣਾਉਂਦਿਆਂ,” ਮਾਂ ਕੋਲ ਦਰਜਾ ਤਾਂ ਹੁੰਦਾ ਰੱਬ ਦਾ, ਮਾਂ ਪੂਜਦੀ ਆ ਓਸ ਦੇ ਨਾਮ ਨੂੰ, ਪੁੱਤ ਕਿੰਨਾ ਹੋ ਜੇ ਉੱਚਾ ਭਾਵੇਂ ਮੋਢਿਆਂ ਦੇ ਉੱਤੋਂ ਪਰ ਪਾਉਂਦਾ ਨਹੀਂ ਬਾਪੂ ਦੇ ਮੁਕਾਮ ਨੂੰ, ਤੇਰੀਆਂ ਝਿੜਕਾਂ ਨੇ ਮੇਰਾ ਕੰਮ ਕੀਤਾ ਲੋਟ, ਤਾਈਓਂ ਜ਼ਿੰਦਗੀ ਜਿਊਣ ਵਾਲਾ ਆ ਗਿਆ ਸੁਆਦ, ਬੱਸ ਇੱਕੋ ਗੱਲ ਆਖਾਂ ਮੇਰਾ ਬਾਪੂ ਜਿੰਦਾਬਾਦ ” ਬੋਲ ਆਖੇਂ। ਇਸ ਗੀਤ ਨੂੰ ਸੰਗੀਤਕ ਧੂੰਨਾਂ ਹਾਈ ਫਲੇਮ ਮਿਊਜ਼ਿਕ ਨੇ ਦਿੱਤੀਆਂ ਜਦੋਂ ਕਿ ਨਿਰਮਾਤਾ ਗੁਰਜੋਤ ਸਿੰਘ ਹਨ ਪਰ ਫਿਲਮਾਂਕਣ ਐਸ ਪੀ ਫ਼ਿਲਮਜ਼ ਵਲੋਂ ਕੀਤਾ ਗਿਆ ਹੈ ਜਿਸ ਵਿਚ ਬਾਪੂ ਦਾ ਰੋਲ ਮਲਕੀਤ ਸਿੰਘ ਮਲੰਗਾ ਨੇ ਬਾਖੂਬੀ ਨਿਭਾਇਆ ਹੈ। ਪ੍ਰਤੀਕ ਅਨੁਸਾਰ ਉਸ ਨੇ ਧਾਰਮਿਕ ਗੀਤ, ਵੱਡਾ ਸਾਕਾ, ਸ਼ਹੀਦੀ ਸਾਕਾ ਆਦਿ ਗਾਏ ਜਦੋਂ ਕਿ ਦੋਗਾਣੇ ਵਿਚ, ਅੱਖ ਬੋਲਦੀ ” ਗਾਇਕਾ ਗੁਰਲੇਜ਼ ਅਖਤਰ, ” ਫਾਇਦਾ ਕੀ ” ਗਾਇਕਾ ਨਵਦੀਪ ਬਾਜਵਾ ਨਾਲ ਕੀਤਾ । ਬਾਕੀ ਗੀਤਾਂ ਵਿਚ , ” ਫੋਟੋ ਕਾਪੀਆਂ”,”ਪੁੱਤ ਸਾਡਾ”,”ਵੇਹਲਾ ਨਹੀਂ”,”ਇੱਕ ਤਰਫਾ”,” ਜਿਗਰੇ ਨਾ ਹੋਣ ਕਿਤੋਂ ਹਾਇਰ ਮਿੱਤਰੋਂ”,”ਸਿਖ਼ਰ ਦੁਪਹਿਰੇ”,”ਜਿਗਰੀ ਯਾਰ”,”ਸੂਰਮਾ”, “ਮੁੱਛ ਗੁੱਤ” ਤੋਂ ਇਲਾਵਾ “ਧੀਆਂ ਦੀ ਲੋਹੜੀ” ਅਤੇ ਕਵਰ ਗੀਤ,”ਤੁਰ ਜਾਏਗੀ ਸੋਹਣੀਏ ਨੀ ਕਾਲਜ ਸੁੰਨਾ ਕਰਕੇ” ਗਾਏ ਹਨ ਜਿਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਹੈ। ਉਹ ਗੀਤ ਖ਼ੁਦ ਲਿਖਦਾ ਐ ਅਤੇ ਹਰੇਕ ਸਾਜ਼ ਵਜਾਉਂਦਾ ਹੈ। ਇਸ ਗੀਤਕਾਰੀ ਤੇ ਗਾਉਣ ਤੋਂ ਪਹਿਲਾਂ ਉਹ ਯੂਨੀਵਰਸਿਟੀ ਲੋਕ ਨਾਚ ਮੁਕਾਬਲੇ ਵਿਚ ਪਹਿਲੇ ਸਥਾਨ ਉੱਤੇ ਵਿਆਕਤੀਗਤ ਤੌਰ ਉੱਤੇ ਆ ਚੁੱਕਾ ਹੈ ਅਤੇ ਲੋਕ ਨਾਚ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰ ਚੁੱਕਾ ਹੈ। ਲੋਕ ਨਾਚ ਦੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਪੰਜਾਬੀ ਅਤੇ ਪੰਜਾਬੀਅਤ ਨੂੰ ਸਾਡੇ ਲੋਕ ਨਾਚ ਹੀ ਬਚਾ ਰਹੇ ਹਨ ਕਿਉਂਕਿ ਗੱਭਰੂ ਸਿਰ ਉੱਤੇ ਤੁਰਲੇ ਵਾਲੀਆਂ ਪੱਗਾਂ ਬੰਨਦੇ ਹਨ ਅਤੇ ਗਿੱਧੇ ਵਿੱਚ ਮੁਟਿਆਰਾਂ ਸਿਰ ਉੱਤੇ ਚੂੰਨੀ ਲੈ ਕੇ ਬੋਲੀ ਪਾਉਂਦੀ ਆ। ਸਮਾਜ ਨੂੰ ਸਹੀ ਸੇਧ ਦੇਣ ਵਾਲਾ ਗੀਤ, ਸੰਗੀਤ ਹੀ ਪਰੋਸਿਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਸਲੇਬਸ ਵਿਚ ਗੀਤ, ਸੰਗੀਤ, ਭੰਗੜਾ, ਗਿੱਧਾ ਸ਼ਾਮਲ ਹੋਵੇ।

Leave a Reply

Your email address will not be published. Required fields are marked *