ਮਾਰਕਫੈੱਡ ਕੰਪਨੀ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਸਪਲਾਈ ਕੀਤੀ ਜਾ ਰਹੀ ਫੀਡ ਬਹੁਤ ਹੀ ਘਟੀਆ ਕੁਆਲਟੀ ਦੀ- ਬਰਿੰਦਰਜੀਤ ਕੌਰ ਛੀਨਾ 

ਚੰਡੀਗੜ੍ਹ ਪੰਜਾਬ

ਫਰੀਦਕੋਟ 28 ਮਈ,ਬੋਲੇ ਪੰਜਾਬ ਬਿਓਰੋ: ਸਰਵ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬੀਤੇ ਦਿਨੀਂ ਆਂਗਣਵਾੜੀ ਸੈਂਟਰਾਂ ਵਿੱਚ ਆ ਰਹੀ ਘਟੀਆ ਫੀਡ ਸਬੰਧੀ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਡਾਇਰੈਕਟਰ ਮੈਡਮ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮੰਗ ਪੱਤਰ ਦਿੱਤਾ।

ਇਸ ਸਮੇਂ ਸਰਵ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਬਰਿੰਦਰਜੀਤ ਕੌਰ ਨੇ ਡਾਇਰੈਕਟਰ ਮੈਡਮ ਅਤੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਰਾਹੀ ਦੱਸਿਆ ਕਿ ਮਾਰਕਫੈੱਡ ਕੰਪਨੀ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਸਪਲਾਈ ਕੀਤੀ ਜਾ ਰਹੀ ਫੀਡ ਬਹੁਤ ਹੀ ਘਟੀਆ ਕੁਆਲਟੀ ਦੀ ਹੈ, ਮਿੱਠਾ ਦਲੀਆ ਜੋ ਕਿ ਸਵਾਦ ਵਿੱਚ ਕੁੜੱਤਣ ਨਾਲ ਭਰਿਆ ਹੋਇਆ ਹੈ, ਖਿਚੜੀ ਅੱਤ ਦਰਜ਼ੇ ਦੀ ਘਟੀਆ ਕੁਆਲਿਟੀ ਦੀ ਹੈ ਇਹੋ ਹਾਲ ਪੰਜੀਰੀ ਦਾ ਹੈ ਜਿਸ ਕਾਰਨ ਲਾਭਪਾਤਰੀ ਬੱਚਿਆ ਦੇ ਮਾਪਿਆ ਚ ਬਹੁਤ ਹੀ ਨਿਰਾਸ਼ਾ ਪਾਈ ਜਾ ਰਹੀ ਅਤੇ ਲਾਭਪਾਤਰੀਆਂ ਵਲੋ ਫੀਡ ਲਈ ਨਾ ਪੱਖੀ ਹੁੰਗਾਰਾ ਮਿਲ ਰਿਹਾ ਹੈ। ਆਪ ਜੀ ਨਾਲ ਇਸ ਸੰਬੰਧੀ ਪਹਿਲੇ ਵੀ ਚਰਚਾ ਕੀਤੀ ਜਾ ਚੁੱਕੀ ਹੈ। ਮਿਤੀ 5/4/24 ਨੂੰ ਡਾਇਰੇਕਟਰ ਮੈਡਮ ਨਾਲ ਮੀਟਿੰਗ ਕਰਕੇ ਇਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਸੀ। ਪਰ ਇਸਦਾ ਕੋਈ ਸਿੱਟਾ ਨਹੀਂ ਨਿਕਲਿਆ।

ਇਸ ਸਮੇਂ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਆਪ ਜੀ ਪਾਸੋਂ ਮੰਗ ਕਰਦੀ ਹੈ ਕਿ:-

1. ਮਿੱਠੇ ਦਲੀਏ ਦੀ ਜਗ੍ਹਾ ਜੇਕਰ ਸਾਦਾ ਦਲੀਆ ਦਿੱਤਾ ਜਾਵੇ ਨਮਕੀਨ ਦਲੀਏ ਲਈ ਨਮਕ ਤੇ ਘਿਉ ਦਿੱਤਾ ਜਾਵੇ
2. ਖਿਚੜੀ ਬਨਾਉਣ ਲਈ ਘਿਉ ਨਮਕ ਅਤੇ ਨਿਊਟਰੀ ਚਾਵਲ, ਦਾਲ ਦਿੱਤੀ ਜਾਵੇ ਜਿਸ ਨਾਲ ਰੈਸੈਪੀ ਵੀ 2 ਤਰ੍ਹਾਂ ਬਣ ਜਾਂਦੀ ਹੈ ਨਿਊਟਰੀ ਚਾਵਲ ਤੇ ਖਿਚੜੀ, ਸਿੰਪਲ ਚਾਵਲ, ਅਤੇ ਦੁੱਧ ਵਾਲੀ ਖੀਰ।
3. ਪੰਜੀਰੀ ਚੰਗੀ ਕੁਆਲਿਟੀ ਦੀ ਭੇਜੀ ਜਾਵੇ
4. ਨਾਸ਼ਤੇ ਵਿਚ ਦੁੱਧ ਤੇ ਫਲ ਦਿੱਤੇ ਜਾਣ ਫਲ ਖਰੀਦਣ ਲਈ ਪੈਸੇ ਵਰਕਰ ਦੇ ਖਾਤੇ ਵਿੱਚ ਪਾਏ ਜਾਣ

ਜਿਵੇਂ ਆਪ ਜੀ ਜਾਣਦੇ ਹੋ ਕਿ ਸੈਂਟਰਾਂ ਤਕ ਪਹੁੰਚਦੇ ਫੀਡ ਦੀ ਤਾਰੀਕ ਅੱਧੀ ਲੰਘ ਚੁੱਕੀ ਹੁੰਦੀ ਹੈ ਇਸ ਦੀ ਸੇਲਫ ਲਾਈਫ ਵੀ ਬਹੁਤ ਘੱਟ ਹੈ ਸੋ ਜੱਥੇਬੰਦੀ ਆਪ ਜੀ ਪਾਸੋਂ ਇਹ ਆਸ ਕਰਦੀ ਹੈ ਕਿ ਜਿੱਥੇ ਅਸੀਂ ਲੋਕਾਂ ਨੂੰ ਕੁਪੋਸ਼ਣ ਪ੍ਰਤੀ ਹੈਲਥੀ ਖੁਰਾਕ ਤੇ ਮੌਸਮੀ ਫਲ ਸਬਜੀਆਂ ਬਾਰੇ ਜਾਗਰੂਕ ਕਰ ਰਹੇ ਹਾਂ ਉਥੇ ਇਸ ਤਰ੍ਹਾਂ ਦੀ ਫੀਡ ਲਈ ਅਸੀਂ ਲੋਕਾਂ ਸਾਹਮਣੇ ਸ਼ਰਮਸਾਰ ਵੀ ਹੁੰਦੇ ਹਾਂ। ਜਿਵੇਂ ਆਂਗਣਵਾੜੀ ਵਰਕਰ ਸਮਾਜ ਵਿਚ ਇੱਕ ਰੋਲ ਮਾਡਲ ਦਾ ਕੰਮ ਕਰਦੀ ਹੈ ਤੇ ਇਸ ਤਰ੍ਹਾ ਦੀ ਫੀਡ ਨਾਲ ਆਂਗਣਵਾੜੀ ਵਰਕਰ ਦੀ ਛਵੀ ਵੀ ਸਮਾਜ ਵਿਚ ਖਰਾਬ ਹੁੰਦੀ ਹੈ ਜੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਮੌਸਮ ਅਨੁਸਾਰ ਫੀਡ ਤੇ ਮੀਨੂ ਵਿੱਚ ਬਦਲਾਅ ਜਰੂਰੀ ਹੈ । ਆਸ ਹੈ ਆਪ ਜੀ ਵੱਲੋਂ ਪੰਜਾਬ ਨੂੰ ਕੁਪੋਸ਼ਣ ਰਹਿਤ ਬਨਾਉਣ ਲਈ ਚੰਗੀ ਤੇ ਵਧੀਆ ਕੁਆਲਿਟੀ ਦੀ ਫੀਡ ਆਂਗਣਵਾੜੀ ਸੈਂਟਰਾਂ ਚ ਭੇਜੀ ਜਾਵੇ ਤੇ ਮਾੜੀ ਘਟੀਆ ਕੁਆਲਿਟੀ ਦੀ ਫੀਡ ਗ਼ਰੀਬ ਲੋਕਾਂ ਨਾਲ ਕੋਜਾ ਮਜਾਕ ਹੈ ।ਯੂਨੀਅਨ ਮੰਗ ਕਰਦੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ।

Leave a Reply

Your email address will not be published. Required fields are marked *